01/06/2025
ਜਨਮ -ਭੂਮੀ ਦੇ ਅਹਿਸਾਸ ਨੂੰ ਆਪਣੇ ਖੂਨ 'ਚੋਂ ਕਿਵੇਂ ਮਨਫੀ ਕਰੀਏ ਪੋਲੀਏਵਰ ਸਾਹਿਬ?
ਆਪਣੇ ਪਿੰਡੇ 'ਤੇ ਜ਼ਖਮਾਂ ਨੂੰ ਕਿਵੇਂ ਭੁੱਲ ਜਾਈਏ?
ਕੈਨੇਡੀਅਨ ਚਾਰਟਰ ਦੇ ਉਲਟ ਪੀਅਰ ਪੋਲੀਏਵਰ ਨੇ ਕਿਉਂ ਦਿੱਤਾ ਅਜਿਹਾ ਬਿਆਨ- ਕਿਹਾ ਕੈਨੇਡਾ ਦੀ ਧਰਤੀ 'ਤੇ ਆਉਣ ਵਾਲੇ ਲੋਕ ਆਪਣੇ ਮਸਲੇ ਆਪਣੇ ਬੈਕ ਹੋਮ 'ਚ ਛੱਡ ਕਿ ਆਉਣ ਕੈਨੇਡਾ ਦੀ ਧਰਤੀ 'ਤੇ ਪਰਵਾਸ ਨਵਾਂ ਨਹੀਂ ਹੈ , 16 ਸਦੀ ਤੋਂ ਲੈ ਕਿ ਹੁਣ ਤੱਕ ਫਰੈਂਚ, ਇੰਗਲਿਸ਼, ਅਫਰੀਕਨ ਅਤੇ ਏਸ਼ਿਆਈ ਲੋਕਾਂ ਦਾ ਕੈਨੇਡਾ ਦੀ ਧਰਤੀ 'ਤੇ ਆਉਣ ਦਾ ਸਿਲਸਿਲਾ ਜਾਰੀ ਰਿਹਾ ਹੈ । ਸਭ ਲੋਕਾਂ ਦਾ ਪਹਿਰਾਵਾ , ਬੋਲੀ ਸਭਿਆਚਾਰ, ਰੀਤੀ ਰਿਵਾਜ਼ ਵੱਖਰਾ ਵੱਖਰਾ ਹੈ ਪਰ ਸਭ ਲੋਕਾਂ ਨੇ ਕੈਨੇਡਾ ਦੀ ਧਰਤੀ 'ਤੇ ਆਪਣੇ-ਖੂਨ ਪਸੀਨੇ ਦੀ ਕਮਾਈ ਨਾਲ ਇਸ ਮੁਲਖ ਨੂੰ ਸਿਰਜਣ 'ਚ ਬਰਾਬਰ ਯੋਗਦਾਨ ਪਾਇਆ ਹੈ । ਇਸ ਲਈ ਮੂਲ ਨਿਵਾਸੀਆਂ ਧਰਤੀ 'ਤੇ ਕੈਨੇਡਾ ਦੇਸ਼ ਨੂੰ ਬਾਹਰੋਂ ਆਏ ਪ੍ਰਵਾਸੀਆਂ ਨੇ ਸਖਤ ਮਿਹਨਤ ਨਾਲ ਸਿਰਜਿਆ ਹੈ ।
ਇਸੇ ਲਈ ਕੈਨੇਡਾ ਦੇ ਚਾਰਟਰ 'ਚ ਸਭ ਪ੍ਰਵਾਸੀਆਂ ਦੀ ਬੋਲੀ , ਸਭਿਆਚਾਰ ਅਤੇ ਮੁੱਲਾਂ ਦਾ ਬਰਾਬਰ ਸਨਮਾਨ ਹੈ । ਬਹੁਤ ਸਾਰੇ ਮੁਲਖਾਂ 'ਚ ਬੇਇਨਸਾਫੀਆਂ, ਵਿਤਕਰੇ , ਅਤੇ ਤਾਨਾਸ਼ਾਹੀ ਨੀਤੀਆਂ ਦਾ ਸਾਹਮਣਾ ਕਰਦੇ ਲੋਕ ਵੀ ਕੈਨੇਡਾ ਦੀ ਧਰਤੀ 'ਤੇ ਆ ਕਿ ਵੱਸੇ ਹਨ ,, ਉਹਨਾਂ ਦੇ ਜ਼ਖਮਾਂ ਦੇ ਨਸੂਰ ਸਦਾ ਅੱਲੇ ਹੀ ਰਹਿਣਗੇ , ਸ਼ਾਇਦ ਕਈ ਪੀੜ੍ਹੀਆਂ ਤੱਕ ਇਸ ਦਾ ਅਹਿਸਾਸ ਰਹੇਗਾਅਤੇ ਉਹ ਉਮੀਦ ਕਰਦੇ ਹਨ ਕਿ ਕਿ ਉਨ੍ਹਾਂ ਨਾਲ ਹੋਈਆਂ ਬੇਇਨਸਾਫੀਆਂ ਦਾ ਦਰਦ ਪ੍ਰਗਟ ਕਰਨ ਦੀ ਇਜਾਜ਼ਤ ਜੇ ਕੈਨੇਡੀਅਨ ਚਾਰਟਰ ਦੇ ਰਿਹਾ ਤਾਂ ਇਥੋਂ ਦੀਆਂ ਸਰਕਾਰਾਂ ਕੈਨੇਡੀਅਨ ਚਾਰਟਰ ਦਾ ਸਨਮਾਨ ਕਰਦੇ ਹੋਏ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਜਰੂਰ ਦੇਣ ।
ਪਰ ਕੈਨੇਡਾ ਦੇ ਸੰਭਾਵੀ ਪ੍ਰਧਾਨ ਮੰਤਰੀ ਪੀਅਰ ਪੋਲੀਏਵਰ ਦਾ ਤਾਜ਼ਾ ਬਿਆਨ ਕਿਸ ਗੱਲ ਦਾ ਸੰਕੇਤ ਦੇ ਰਿਹਾ ਹੈ ਕਿ " ਕਿ ਕੈਨੇਡਾ ਦੀ ਧਰਤੀ 'ਤੇ ਆਉਣ ਵਾਲੇ ਲੋਕ ਆਪਣੋ ਬੈਗ (ਮਸਲੇ) ਉਥੇ ਹੀ ਛੱਡ ਕਿ ਆਉਣ "।
ਭਾਵ ਉਹ ਆਪਣੋ ਨਾਲ ਹੋਈਆਂ ਬੇਇਨਸਾਫੀਆਂ ਦੀ ਗੱਲ ਕੈਨੇਡਾ ਦੀ ਧਰਤੀ 'ਤੇ ਨਾ ਕਰਨ । ਕੀ ਪੀਅਰ ਪੋਲੀਏਵਰ ਸਾਹਿਬ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹੀ ਪ੍ਰਵਾਸੀਆਂ ਦੇ ਮੁੰਹ 'ਤੇ ਚੇਪੀ ਲਗਾਉਣਾ ਚਾਹੁੰਦੇ ਹਨ ਕਿ ਕਿਸੇ ਨਾਲ ਹੋਈ ਬੇਇਨਸਾਫੀ ਅਤੇ ਜੁਲਮ ਦੀ ਸੀ ਤੱਕ ਵੀ ਉਹਨਾਂ ਦੇ ਕੰਨਾਂ 'ਚ ਨਾ ਪਵੇ ?
ਪੀਅਰ ਪੋਲੀਏਵਰ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੈਨੇਡੀਅਨ ਚਾਰਟਰ ਇਸ ਗੱਲ ਦੀ ਵਕਾਲਤ ਕਰਦਾ ਹੈ ਜੇ ਵਿਸ਼ਵ ਦੇ ਕਿਸੇ ਵੀ ਕੋਨੇ 'ਚ ਕਿਸੇ ਨਾਲ ਬੇਇਨਸਾਫੀ ਹੁੰਦੀ ਹੈ ਤਾਂ ਉਸ ਦੇ ਦਰਦ ਦੀ ਗੱਲ ਅਸੀਂ ਕੈਨੇਡਾ ਦੀ ਧਰਤੀ 'ਤੇ ਕਰ ਸਕੀਏ। ਕੈਨੇਡਾ ਮੂਲ ਨਿਵਾਸੀਅਆਂ ਦੀ ਧਰਤੀ ਹੈ ਅਤੇ ਬਾਕੀ ਸਭ ਪੀਅਰ ਪੋਲੀਏਵਰ ਸਮੇਤ ਪਰਵਾਸੀ ਹਨ ਪਰ ਇਹ ਧਰਤੀ ਉਹਨਾਂ ਦੀ ਜੱਦੀ ਜਮੀਨ ਨਹੀਂ ਹੈ ਕਿ ਉਹ ਸਤਾ ਹਾਸਲ ਕਰਨ ਤੋਂ ਪਹਿਲਾਂ ਹੀ ਹੁਕਮ ਚਾੜਨ ਵਰਗੇ ਬਿਆਨ ਦੇਣ ਕਿ ਆਪਣੇ ਪਿੰਡੇ ਦੇ ਜ਼ਖਮਾਂ ਦੀ ਮਲਮ ਪੱਟੀ ਉਹਨਾਂ ਧਾੜਵੀਆਂ ਕੋਲ ਵੀ ਵਾਪਸ ਜਾ ਕਿ ਕਰਵਾਓ, ਜਿਨ੍ਹਾਂ ਨੇ ਤੁਹਾਡਾ ਪਿੰਡਾ ਛਿੱਲਿਆ ਹੈ।
ਪੀਅਰ ਪੋਲੀਏਵਰ ਸਾਹਿਬ , ਜੇ ਪਰਵਾਸੀ ਇਸ ਧਰਤੀ 'ਤੇ ਆਏ ਹਨ ਤਾਂ ਇਕੱਲਾ ਚੰਮ ਤੁੜਵਾਉਣ ਲਈ ਸਰੀਰ ਹੀ ਲੈ ਕਿ ਨਹੀਂ ਆਏ ਬਲ ਕਿ ਇਹਨਾਂ ਸਰੀਰਾਂ 'ਚ ਭਾਵਨਾਵਾਂ ਹਨ , ਅਹਿਸਾਸ ਵੀ ਹੈ , ਉਨ੍ਹਾਂ ਨਾਲ ਹੋਏ ਜੁਲਮਾਂ ਦਾ , ਜਦੋਂ ਤੱਕ ਉਹ ਕੈਨੇਡਾ ਦੀ ਧਰਤੀ 'ਤੇ ਰਹਿਣਗੇ, ਕੈਨੇਡੀਅਨ ਚਾਰਟਰ ਦੀ ਰੌਸ਼ਨੀ 'ਚ ਆਪਣੇ ਨਾਲ ਹੋਏ ਜੁਲਮਾਂ ਦੀ ਗੱਲ ਵੀ ਕਰਦੇ ਰਹਿਣਗੇ।
-ਗੁਰਮੁੱਖ ਸਿੰਘ ਬਾਰੀਆ