28/10/2026
ਮਾਲਵਾ ਖੇਤਰ ਵਿੱਚ ਪਾਣੀ ਪ੍ਰਦੂਸ਼ਣ ਦੀ ਮੌਜੂਦਾ ਸਥਿਤੀ: ਕੇਂਦਰੀ ਭੂਮੀ ਜਲ ਬੋਰਡ (CGWB) ਦੀ 2024 ਦੀ ਰਿਪੋਰਟ ਅਨੁਸਾਰ ਪੰਜਾਬ ਦੇ ਭੂਮੀਗਤ ਪਾਣੀ ਵਿੱਚ ਯੂਰੇਨਿਅਮ, ਫਲੋਰਾਈਡ, ਨਾਈਟ੍ਰੇਟ ਅਤੇ ਆਰਸੈਨਿਕ ਦੀ ਮਾਤਰਾ ਕਈ ਥਾਵਾਂ ਉੱਤੇ ਨਿਰਧਾਰਤ ਸੀਮਾਵਾਂ ਤੋਂ ਵੱਧ ਪਾਈ ਗਈ। ਕੀਤੇ ਗਏ 908 ਨਮੂਨਿਆਂ ਵਿੱਚੋਂ 32.6 ਫੀਸਦੀ ਨਮੂਨਿਆਂ ਵਿੱਚ ਯੂਰੇਨਿਅਮ ਦੀ ਮਾਤਰਾ ਮਨਜ਼ੂਰਸ਼ੁਦਾ ਸੀਮਾ (30 ppb) ਤੋਂ ਵੱਧ ਸੀ, ਜਦਕਿ 13.77 ਫੀਸਦੀ ਨਮੂਨਿਆਂ ਵਿੱਚ ਫਲੋਰਾਈਡ, 12.58 ਫੀਸਦੀ ਵਿੱਚ ਨਾਈਟ੍ਰੇਟ ਅਤੇ 4.85 ਫੀਸਦੀ ਵਿੱਚ ਆਰਸੈਨਿਕ ਦੀ ਮਾਤਰਾ ਸੁਰੱਖਿਅਤ ਹੱਦ ਤੋਂ ਉੱਪਰ ਦਰਜ ਕੀਤੀ ਗਈ।
ਮਾਲਵਾ ਖੇਤਰ ਦੇ ਬਠਿੰਡਾ, ਮਾਨਸਾ, ਸੰਗਰੂਰ, ਫਰੀਦਕੋਟ, ਮੁਕਤਸਰ, ਮੋਗਾ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਯੂਰੇਨਿਅਮ ਅਤੇ ਫਲੋਰਾਈਡ ਦੀ ਸਮੱਸਿਆ ਖਾਸ ਤੌਰ 'ਤੇ ਗੰਭੀਰ ਹੈ।
ਯੂਰੇਨਿਅਮ ਪ੍ਰਦੂਸ਼ਣ ਵਿੱਚ ਚਿੰਤਾਜਨਕ ਵਾਧਾ: ਕੇਂਦਰੀ ਭੂਮੀ ਜਲ ਬੋਰਡ ਦੀ 2025 ਦੀ ਸਾਲਾਨਾ ਰਿਪੋਰਟ ਮੁਤਾਬਕ ਪੰਜਾਬ ਯੂਰੇਨਿਅਮ ਪ੍ਰਦੂਸ਼ਣ ਦੇ ਮਾਮਲੇ ਵਿੱਚ ਦੇਸ਼ ਦਾ ਸਭ ਤੋਂ ਪ੍ਰਭਾਵਿਤ ਰਾਜ ਬਣ ਗਿਆ ਹੈ। 2024 ਦੌਰਾਨ ਇਕੱਠੇ ਕੀਤੇ ਗਏ ਨਮੂਨਿਆਂ ਵਿੱਚ 62.5 ਫੀਸਦੀ ਭੂਮੀਗਤ ਪਾਣੀ ਦੇ ਨਮੂਨਿਆਂ ਵਿੱਚ ਯੂਰੇਨਿਅਮ ਸੁਰੱਖਿਅਤ ਸੀਮਾ ਤੋਂ ਵੱਧ ਪਾਇਆ ਗਿਆ। ਇਹ ਦਰ 2024 ਦੀ ਰਿਪੋਰਟ ਵਿੱਚ ਦਰਜ 32.6 ਫੀਸਦੀ ਨਾਲੋਂ ਲਗਭਗ ਦੁੱਗਣੀ ਹੈ। ਕੁਝ ਜ਼ਿਲ੍ਹਿਆਂ, ਖਾਸ ਕਰਕੇ ਬਠਿੰਡਾ, ਫ਼ਰੀਦਕੋਟ ਅਤੇ ਸੰਗਰੂਰ ਵਿੱਚ ਯੂਰੇਨਿਅਮ ਦੀ ਮਾਤਰਾ 200 ppb ਤੋਂ ਵੀ ਵੱਧ ਦਰਜ ਕੀਤੀ ਗਈ, ਜੋ ਮਨਜ਼ੂਰਸ਼ੁਦਾ ਸੀਮਾ ਨਾਲੋਂ ਲਗਭਗ ਸੱਤ ਗੁਣਾ ਵੱਧ ਹੈ।
ਪਾਣੀ ਨਾਲ ਪ੍ਰਭਾਵਿਤ ਬਸਤੀਆਂ: ਜਲ ਸ਼ਕਤੀ ਮੰਤਰਾਲੇ ਵੱਲੋਂ ਸੰਸਦ ਵਿੱਚ ਦਿੱਤੀ ਜਾਣਕਾਰੀ ਅਨੁਸਾਰ 2025 ਵਿੱਚ ਪੰਜਾਬ ਦੀਆਂ 433 ਬਸਤੀਆਂ (habitations) ਅਜਿਹੀਆਂ ਸਨ ਜਿੱਥੇ ਪੀਣ ਵਾਲੇ ਪਾਣੀ ਵਿੱਚ ਰਸਾਇਣਕ ਪ੍ਰਦੂਸ਼ਣ ਦੀ ਸਮੱਸਿਆ ਦਰਜ ਕੀਤੀ ਗਈ। ਇਨ੍ਹਾਂ ਵਿੱਚ 119 ਬਸਤੀਆਂ ਫਲੋਰਾਈਡ ਅਤੇ 257 ਬਸਤੀਆਂ ਆਰਸੈਨਿਕ ਪ੍ਰਦੂਸ਼ਣ ਨਾਲ ਪ੍ਰਭਾਵਿਤ ਸਨ। ਹਾਲਾਂਕਿ ਇਹ ਗਿਣਤੀ 2022 ਦੀਆਂ 875 ਪ੍ਰਭਾਵਿਤ ਬਸਤੀਆਂ ਨਾਲੋਂ ਘੱਟ ਹੈ, ਫਿਰ ਵੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ।
ਨਹਿਰੀ ਪਾਣੀ ਅਤੇ ਉਦਯੋਗਿਕ ਪ੍ਰਦੂਸ਼ਣ: ਮਾਲਵਾ ਖੇਤਰ ਦੇ ਲੋਕ ਭੂਮੀਗਤ ਪਾਣੀ ਦੇ ਪ੍ਰਦੂਸ਼ਣ ਕਾਰਨ ਨਹਿਰੀ ਪਾਣੀ 'ਤੇ ਵੱਧ ਨਿਰਭਰ ਹੋ ਰਹੇ ਹਨ। ਪਰ ਨਹਿਰੀ ਪਾਣੀ ਵੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ। ਲੁਧਿਆਣਾ ਦਾ ਬੁੱਢਾ ਨਾਲਾ (Buddha Nullah) ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ। ਇਹ ਨਾਲਾ ਘਰੇਲੂ ਗੰਦਾ ਪਾਣੀ ਅਤੇ ਉਦਯੋਗਿਕ ਕਚਰਾ ਲੈ ਕੇ ਸਤਲੁਜ ਦਰਿਆ ਵਿੱਚ ਮਿਲਦਾ ਹੈ, ਜਿਸ ਉੱਤੇ ਮਾਲਵਾ ਖੇਤਰ ਦੇ ਹਜ਼ਾਰਾਂ ਪਰਿਵਾਰ ਅਤੇ ਕਿਸਾਨ ਨਿਰਭਰ ਹਨ। 2024 ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੀ ਜਾਂਚ ਵਿੱਚ ਲੁਧਿਆਣਾ ਦੀਆਂ ਚਾਰ ਵਿੱਚੋਂ ਤਿੰਨ ਸਾਂਝੀਆਂ ਗੰਦਾ ਪਾਣੀ ਸ਼ੁੱਧੀਕਰਨ ਇਕਾਈਆਂ (CETPs) ਨਿਰਧਾਰਿਤ ਮਾਪਦੰਡਾਂ ਤੋਂ ਵੱਧ ਪ੍ਰਦੂਸ਼ਿਤ ਪਾਣੀ ਛੱਡਦੀਆਂ ਪਾਈਆਂ ਗਈਆਂ। ਇਸ ਤੋਂ ਬਾਅਦ ਵਾਤਾਵਰਣੀ ਹਰਜਾਨਾ ਵੀ ਲਗਾਇਆ ਗਿਆ। ਬੁੱਢੇ ਨਾਲੇ ਦੇ ਪ੍ਰਦੂਸ਼ਣ ਕਾਰਨ ਰਸਾਇਣਕ ਤੱਤ, ਰੰਗ-ਰਸਾਇਣ, ਭਾਰੀ ਧਾਤਾਂ ਅਤੇ ਗੰਦਾ ਸੀਵਰੇਜ ਸਤਲੁਜ ਦੇ ਪਾਣੀ ਵਿੱਚ ਪਹੁੰਚਦਾ ਹੈ, ਜਿਸ ਨਾਲ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ।
ਸ਼ੰਕਰ ਸ਼ਰਮਾ ਕਨਵੀਨਰ
ਜਲ ਜੀਵਨ ਬਚਾਓ ਮੋਰਚਾ, ਪੰਜਾਬ