16/05/2025
ਬੰਦੇ ਦਾ ਸਭ ਤੋਂ ਵੱਡਾ ਭੁਲੇਖਾ ਇਹ ਹੈ ਕੇ ਉਸਨੇ ਅਜੇ ਨਹੀਂ ਮਰਨਾ, ਓਸ ਕੋਲ ਅਜੇ ਸਮਾਂ ਹੈ । ਖ਼ੁਦ ਨੂੰ ਬੋਲਿਆ ਜਾਣ ਵਾਲਾ ਵੱਡਾ ਝੂਠ ਵੀ ਇਹੀ ਹੈ ।ਮੇਰੇ ਮੁਤਾਬਕ ਸੌਣ ਦੀ ਆਦਤ ਰੋਜ਼ ਮਰਨ ਦੀ ਹੀ ਕਸਰਤ ਹੈ । ਪਰ ਵਾਪਸੀ ਦੀ ਟਿਕਟ ਪੱਕੀ ਹੈ ਮਿੱਤਰੋ ! ਤੁਹਾਡੀ ਕਿਸੇ ਨੀ ਸੁਣਨੀ ਤੇ ਨਾ ਹੀ ਮੋਹਲਤ ਮਿਲਣੀ ਹੈ ।ਕੁਝ ਸਮੇਂ ਲਈ ਮੂੰਹ ਬੰਦ ਕਰਕੇ ਨੱਕ ਘੁੱਟ ਕੇ ਵੇਖੋ, ਮੇਲਾ ਸਿਰਫ ਅਗਲੇ ਸਾਹ ਤੱਕ ਹੀ ਹੈ। ਚੰਗੀ ਜ਼ਿੰਦਗੀ ਲਈ ਲੋੜਾਂ ਤੇ ਇੱਛਾਂਵਾਂ ਦਾ ਫਰਕ ਸਮਝਣਾ ਪੈਣਾ। ਇਸ ਲਈ ਬੋਝ ਵਾਲਾ ਝੋਲਾ ਹਲਕਾ ਕਰਕੇ ਜਿਊਣ ਵਾਲੇ ਪਾਸੇ ਨੂੰ ਮੂੰਹ ਕਰੋ। ਜਿਊਣ ਦਾ ਮਤਲਬ ਬੱਸ ਏਨਾ ਹੀ ਹੈ ਕੇ ਸਮਰੱਥਾ ਹੋਣ ਦੇ ਬਾਵਜੂਦ ਲੋੜਾਂ ਜਾਂ ਇੱਛਾਵਾਂ ਦੀ ਸੰਘੀ ਨਾ ਘੁੱਟੋ ।ਵਾਪਸੀ ਵੇਲੇ ਜੇਬਾਂ ਜਾਂ ਮੁੱਠੀਆਂ ਚ ਭਰਿਆ ਤਾਂ ਦੂਰ ਦੀ ਗੱਲ ਸਗੋਂ ਅੰਦਰ ਨਿਗਲਕੇ ਵੀ ਨਾਲ ਨੀ ਲਿਜਾ ਹੋਣਾ ਕਿਉਂਕੇ ਫੁੱਲਾਂ ਵਿਚੋਂ ਅਗਲੇ ਸਿੱਕਾ ਵੀ ਪਾਸੇ ਕੱਢ ਲੈਂਦੇ ਨੇ । ਲਾਸ਼ ਤੇ ਲਿਟਨ ਵਾਲੇ ਤੇ ਤੁਹਾਡਾ ਨਾਮ ਲੈ ਕੇ ਰੋਣ ਵਾਲੇ ਫੱਟੇ ਤੇ ਪਏ ਨੂੰ ਝੱਟ ਹੀ ਬੌਡੀ ਕਹਿਣ ਲੱਗ ਜਾਣਗੇ , ਤੁਹਾਡੇ ਆਪਣੇ ਹੀ ਫੂਕਣ ਦੀ ਕਾਹਲ ਕਰਨਗੇ , ਜਿਹੜੇ ਸਿਵਿਆਂ ਵੱਲ ਲੈਕੇ ਜਾਣ ਤੋਂ ਰੋਕਣਗੇ ਤੇ ਕੁਝ ਪਲ ਹੋਰ ਵੇਖ ਲੈਣ ਦਾ ਤਰਲਾ ਪਾਉਣਗੇ , ਸ਼ਾਮ ਨੂੰ ਓਹੀ ਫ਼ਿਕਰ ਕਰਨਗੇ ਨੇ ਕਿ ਕੀ ਸਸਕਾਰ ਚੰਗੀ ਤਰਾਂ ਹੋਗਿਆ ਸੀ ? ਬਕਾਇਦਾ 2-3 ਜਣੇ ਸਿਵਿਆਂ ਵਿੱਚ ਛੱਡੇ ਜਾਣਗੇ, ਸਿਰਫ ਇਸ ਗੱਲ ਲਈ ਕਿ ਕਿਤੇ ਪੂਰਾ ਫੂਕੇ ਬਿਨਾ ਰਹਿ ਨਾ ਜਾਵੇ । ਹੁਣ ਤੁਹਾਡੇ ਰੁਤਬੇ, ਕੋਠੀਆਂ, ਕਾਰਾਂ te ਸਾਰੇ ਦੁਨਿਆਵੀ ਪਦਾਰਥ,ਵੈਰ ਵਿਰੋਧ ਮਿੱਟੀ ਹੋ ਜਾਣਗੇ। ਸਾਲਾਂ ਤੋਂ ਰੁੱਸੇ ਕੋਲ ਖੜੇ ਹੋਣਗੇ ਪਰ ਗੱਲ ਨੀ ਹੋ ਸਕੇਗੀ । ਖੂਨ ਦੇ ਰਿਸ਼ਤਿਆਂ ਨੂੰ ਵਿਛੋੜੇ ਦਾ ਦੁੱਖ ਸਾਰੀ ਉਮਰ ਰਹੇਗਾ ਪਰ ਸੱਥਰ ਤੇ ਅਗਲੇ ਦਿਨ ਭਾਰਤ-ਪਾਕਿਸਤਾਨ ਜੰਗ ਦੀਆਂ ਗੱਲਾਂ ਸਮੇਤ ਪੰਜਾਬ ਦੀ ਚਿੰਤਾ ਕਰਦੀਆਂ ਅਖ਼ਬਾਰਾਂ ਦਾ ਢੇਰ ਲੱਗੇਗਾ । ਫੁੱਲਾਂ ਦਾ ਦਿਨ ਮੁਕੱਰਰ ਹੋਵੇਗਾ, ਕਈ ਰਿਸ਼ਤੇਦਾਰਾਂ ਦੀ ਮਜ਼ਬੂਰੀ ਅਤੇ ਨਿਆਣਿਆਂ ਦੀ ਛੁੱਟੀ ਵੇਖਕੇ ਭੋਗ ਦਾ ਦਿਨ ਵੀ ਐਤਵਾਰ ਤੈਅ ਕੀਤਾ ਜਾਵੇਗਾ ।ਰਿਸ਼ਤੇਦਾਰ ਹੁਣ ਤੁਹਾਨੂੰ ਇਕ ਵਾਰ ਪਾਸੇ ਰੱਖਕੇ ਨੱਕ ਦਾ ਫ਼ਿਕਰ ਕਰਦਿਆਂ ਭੋਗ ਦਾ Menu ਤੈਅ ਕਰਨਗੇ ।ਭੋਗ ਨੂੰ ਰੈਲੀ ਬਣਾਉਣ ਦਾ ਯਤਨ ਆਰੰਭ ਹੋ ਜਾਵੇਗਾ । ਬੁਲਾਰੇ ਦਾ ਨਾਮ ਤੈਅ ਹੋਵੇਗਾ । ਗਲੇਡੂ ਸੁੱਟਣ ਵਾਲੀਆਂ ਕਈ ਬੀਬੀਆਂ ਚੋਰੀ-ਛੁਪੇ ਨਵਾਂ ਸੂਟ ਸਵਾਉਣਗੀਆਂ। ਹਾਂ ਸੱਚ, ਵਿਆਹ ਦੀ ਐਲਬਮ ਕੱਢਕੇ ਤੁਹਾਡੀ ਫ਼ੋਟੋ ਵੱਡੀ ਕਰਾਈ ਜਾਵੇਗੀ ।ਵੱਡਾ ਲੀਡਰ ਝੂਠੇ ਭਾਸ਼ਣ ਦੇਵੇਗਾ ।ਇਹ ਪਹਿਲੀ ਵਾਰ ਹੋਵੇਗਾ ਜਦੋ ਸਾਰੇ ਲੋਕ ਤੁਹਾਨੂੰ ਚੰਗਾ ਹੀ ਦੱਸਣਗੇ ਪਰ ਅਫ਼ਸੋਸ ਕਿ ਤੁਸੀਂ ਨਹੀਂ ਸੁਣ ਸਕੋਗੇ ਕਿਉਂਕੇ ਲੋਕ ਆਤਮਾਂ ਦੀ ਸ਼ਾਂਤੀ ਚਾਹੁੰਦੇ ਹਨ ਇਨਸਾਨ ਦੀ ਨਹੀਂ । ਭੋਗ ਤੋ ਵਾਪਸੀ ਵੇਲੇ ਗੱਡੀਆਂ ਚ ਜਾਂਦੇ ਕਈ ਰਿਸ਼ਤੇਦਾਰ ਇਕੱਠ ਦੀ ਚਰਚਾ ਸਮੇਤ ਬੁਲਾਰੇਆਂ ਦੇ ਨੁਕਸ ਕਢਣਗੇ, ਅਰਦਾਸ ਲੇਟ ਹੋਣ ਕਰਕੇ ਵੀ ਕਈ ਨਾਰਾਜ਼ ਹੋਣਗੇ, ਰੋਟੀ ਵਿੱਚ ਨਗੋਚਾਂ ਹੋਣਗੀਆ, ਕੁੱਝ ਗੱਡੀਆਂ ਵਿੱਚ ਗੀਤ ਵੀ ਵੱਜ ਰਹੇ ਹੋਣਗੇ, ਕਈ ਰਿਸਤੇਦਾਰਾਂ ਨੂੰ ਭੋਗ ਵਾਲੀ ਰਾਤ ਕਿਸੇ ਕਰੀਬੀ ਦਾ ਵਿਆਹ ਵੀ ਹੋਵੇਗਾ। ਕਈ ਮੇਰੇ ਅਰਗੇ ਫੇਸਬੁੱਕ ਤੇ ਅਫਸੋਸੀ ਪੋਸਟ ਪਾਕੇ ਫੇਰ ਰੀਲਾਂ ਦਾ ਆਨੰਦ ਲੈਣਗੇ। ਓਧਰ ਟੱਬਰ ਵੱਲੋਂ ਤੁਹਾਡਾ ਸਿਰਫ਼ ਮੰਜਾ ਬਿਸਤਰਾ,ਕੰਬਲ ਤੇ ਕੱਪੜੇ ਕਿਸੇ ਨੂੰ ਦਾਨ ਕਰਨ ਬਾਰੇ ਚਰਚਾ ਹੋਵੇਗੀ ਕਿਓਂਕੇ ਜ਼ਮੀਨ ਜ਼ਾਇਦਾਦਾ ਜਾ ਸੋਨੇ ਵਿੱਚ ਕਿਹੜਾ ਭੂਤ ਹੁੰਦੇ ਹਨ ? ਬੈਂਕ ਵਿੱਚ ਨੌਮਣੀ ਕੌਣ ਹੈ ? ਜ਼ਮੀਨ ਦੀ ਵਸੀਹਤ ਕਿਵੇਂ ਬਣੇਗੀ ? ਜਾਇਦਾਦ ਦੇ ਕਾਗਜ਼ ਕਿੱਥੇ ਹਨ ? ਹਿੱਸੇ ਕਿਵੇਂ ਹੋਣਗੇ ? ਪਰ ਤੁਹਾਡਾ ਭੁਲੇਖਾ ਦੂਰ ਹੋ ਜਾਵੇਗਾ ਕੇ ਮੇਰੇ ਬਗੈਰ ਕਿਸੇ ਦਾ ਸਰਨਾ ਨਹੀਂ ਜਾਂ ਮੇਰੇ ਬਿਨਾ ਪਰਿਵਾਰ ਨਹੀਂ ਚੱਲੇਗਾ । ਉਪਰੋਕਤ ਉਹੀ ਸਾਰੇ ਲੋਕ ਹਨ ਜਿਨ੍ਹਾਂ ਕਰਕੇ ਤੁਸੀਂ ਜ਼ਿੰਦਾ ਹੋਕੇ ਵੀ ਜੀਅ ਨਹੀਂ ਰਹੇ