07/22/2016
ਕਾਸ਼ ਕਿਤੇ ਨਾਂ ਏਦਾਂ ਹੁੰਦੀ
ਤੇ ਮੈ ਵੀ ਸ਼ਾਇਦ ਪੈਦਾ ਹੁੰਦੀ।
ਅੰਮੜੀ ਮੈਨੂੰ ਲਾਡ ਲਡਾਉਦੀ
ਕਦੇ ਹਸਾਉਦੀ ਕਦੇ ਖਿਡਾਉਦੀ।
ਕਾਸ਼ ਕਿਤੇ ਨਾ ਏਦਾ।।।।।
ਰੰਗਲੀ ਦੁਨੀਆ ਵੇਖਣ ਦਾ
ਦਿਲ ਵਿੰਚ ਸੀ ਇੱਕ ਚਾਅ ਸਮੋਇਆ।
ਮੇਰੇ ਜੰਮਣ ਵਾਲਿਆ ਮੇਥੋ
ਕਿਹੜੀ ਗੱਲੋ ਹੱਕ ਇਹ ਖੋਇਆ
ਰੱਖਸ਼ੱਕ ਮੇਰੇ ਭੱਖਸ਼ੱਕ ਬਣ ਗਏ।
ਕੀਹਦੇ ਕੋਲ ਮੈ ਤਰਲਾ ਪਾਉਦੀ
ਕਾਸ਼ ਕਿਤੇ ਨਾ ਏਦਾਂ।।।।
ਇਸ ਦੇਸ਼ ਵਿਚ ਜਨਮ ਲੈਣਾ
ਕਾਹਤੋ ਮੇਰੇ ਲੇਖੀ ਆਇਆ।
ਦੇਵੀ ਮਾਂ ਦੀ ਪੂਜਾ ਕਰਦੇ
ਅਾਪਣੀ ਧੀਅ ਨੂੰ ਮਾਰ ਮੁਕਾਇਆ।
ਮੈ ਮਰ ਜਾਣੀ ਬੇਜੁਬਾਨ ਸੀ
ਕਿਵੇ ਮੈ ਆਪਣਾ ਹਾਲ ਸੁਣਾਉਦੀ।
ਕਾਸ਼ ਕਿਤੇ ਨਾ ਏਦਾਂ।।।।।
ਮੈਨੂੰ ਜਿਉਦੀ ਗੱਡਦੇ ਰਹੇ ਨੇ
ਜੰਗਲਾ ਦੇ ਵਿੰਚ ਛੱਡਦੇ ਰਹੇ ਨੇ।
ਮੈਨੂੰ ਪੈਰ ਦੀ ਜੁੱਤੀ ਅਾਖਣ
ਕਲਮੂਹੀ ਤੇ ਕੁੱਤੀ ਆਖਣ।
ਅਜਲਾਂ ਤੋ ਮੈ ਮਰਦੀ ਆਈ
ਫਿਰ ਵੀ ਰਹੀ ਹਾਂ ਵਫਾ ਕਮਾਉਦੀ।
ਕਾਸ਼ ਕਿਤੇ ਨਾ ਏਦਾਂ ।।।।।
ਮਾਏ ਨੀ ਮੇਰੀ ਨਾਨੀ ਦੇ ਘਰ
ਤੂੰ ਵੀ ਸੀ ਕਦੇ ਧੀਅ ਬਣ ਜੰਮੀ।
ਕੁੱਖ ਵਿਚ ਮਾਰ ਮੁਕਾਵਣ ਵਾਲੀ
ਫਿਰ ਕਿਉ ਕੀਤੀ ਗੱਲ ਨਿੰਕਮੀ।
ਕਿਉ ਨਾ ਤੇਰੇ ਅਥਰੂ ਡਿੱਗੇ
ਜਦ ਸੀ ਤੂੱ ਇਹ ਪਾਪ ਕਮਾਉਦੀ।
ਕਾਸ਼ ਕਿਤੇ ਨਾ ਏਦਾਂ।।।॥।
ਕਿੱਥੇ ਹੈ ਉਹ ਬਾਬਾ ਨਾਨਕ
ਜਿਸਨੇ ਸੀ ਮੇਰੀ ਸਿਫਤ ਸੁਣਾਈ ।
ਆਪਣੇ ਹੀ ਬੱਚੇ ਖਾਵਣ ਲੱਗ ਪਈ
ਐਸੀ ਸੀ ਉਹਨੇ ਕੌਮ ਬਣਾਈ।
ਪੁੱਤ ਦੀ ਖਾਤਿਰ ਦੁਨੀਆ "ਪਰਗਟ"
ਕਦ ਤੱਕ ਰਹੂ ਧੀਅ ਦੀ ਬਲੀ ਚੜਾਉਦੀ।
ਕਾਸ਼ ਕਿਤੇ ਨਾ ਏਦਾ ਹੁੰਦੀ
ਮੈ ਵੀ ਸ਼ਾਇਦ ਪੈਦਾ ਹੁੰਦੀ।
।।।।ਪਰਗਟਜੀਤ ਸੰਧੂ ।।।॥