21/12/2025
ਰੱਜੀਆਂ ਨੀਤਾਂ ਵਾਲੇ
15 ਕੁ ਦਿਨ ਪਹਿਲਾਂ ਅਸੀਂ ਆਪਣੀ ਸੰਸਥਾ "ਸ਼ੁਭ ਕਰਮਨ ਫਾਉਂਡੇਸ਼ਨ" ਵੱਲੋਂ ਹੜ ਪੀੜਤਾਂ ਦੀ ਮਦਦ ਲਈ ਇਕੱਠੀ ਕੀਤੀ ਰਾਸ਼ੀ ਜਲਾਲਾਬਾਦ ਤੋਂ ਉੱਪਰ ਬਿਲਕੁਲ ਬਾਰਡਰ ਤੇ ਤਾਰ ਦੇ ਕੋਲ ਵਸਦੇ ਲੋਕਾਂ ਨੂੰ ਵੰਡਣ ਲਈ ਗਏ। ਪਾਣੀ ਸੁੱਕ ਗਏ ਹਨ, ਪਰ ਹਾਲਾਤ ਮਾੜੇ ਸਨ। ਅੱਧ-ਢੱਠੇ ਘਰਾਂ ਵਿਚ ਚਾਰ ਤੋਂ ਪੰਜ ਫੁੱਟ ਤੱਕ ਕੰਧਾਂ ਉੱਪਰ ਪਾਣੀ ਦੇ ਨਿਸ਼ਾਨ ਸਨ। ਲੋਕ ਜ਼ਿੰਦਗੀ ਨੂੰ ਦੁਬਾਰਾ ਰਾਹ ਤੇ ਲਿਆਉਣ ਵਿੱਚ ਲੱਗੇ ਹੋਏ ਹਨ। ਅਸੀਂ ਕੁਝ ਘਰਾਂ ਵਿਚ ਗਏ, ਜਿਨ੍ਹਾਂ ਦੇ ਹਾਲਾਤਾਂ ਦੀ ਜਾਣਕਾਰੀ ਅਸੀਂ ਪਹਿਲਾਂ ਹੀ ਇਕੱਠੀ ਕਰ ਲਈ ਸੀ। ਆਪਣੇ ਹਾਲਾਤ ਬਿਆਨ ਕਰਨ ਦੇ ਨਾਲ ਨਾਲ ਉਹਨਾਂ ਨੇ ਸਾਨੂੰ ਇੰਨੀ ਕਦਰ, ਆਦਰ ਸਤਿਕਾਰ ਤੇ ਅਦਬ ਬਖਸ਼ਿਆ ਕਿ ਅਸੀਂ ਕਾਇਲ ਹੋ ਗਏ। ਮਾੜੇ ਹਾਲਾਤਾਂ ਚੋਂ ਗੁਜ਼ਰਦਿਆਂ ਵੀ ਸਾਨੂੰ ਸਭ ਨੂੰ ਅਦਬ ਸਤਿਕਾਰ ਨਾਲ ਬਿਠਾ ਕੇ ਮੌਕੇ ਤੇ ਸਬਜੀ, ਚਟਨੀ, ਲੱਸੀ ਨਾਲ ਤੰਦੂਰੀ ਰੋਟੀ ਖਵਾਈ। ਅਨੰਦ ਹੀ ਅਨੰਦ ਭਰਿਆ ਸੀ ਖਾਣੇ ਵਿੱਚ। ਮੁੜਦਿਆਂ ਨੂੰ ਸਾਨੂੰ ਲਸਣ ਦੇ ਤੋਹਫੇ ਵੀ ਦੇਣ ਦੀ ਕੋਸ਼ਿਸ਼ ਕੀਤੀ, ਜੋ ਅਸੀਂ ਸਵੀਕਾਰੇ ਨਹੀਂ। ਵਾਪਸੀ ਤੇ ਸਾਨੂੰ ਇਵੇਂ ਲੱਗਿਆ ਕਿ ਅਸੀਂ ਤਾਂ ਇਹਨਾਂ ਨੂੰ ਕੁਝ ਦੇਣ ਆਏ ਸੀ, ਪਰ ਇਨ੍ਹਾਂ ਤੋਂ ਬੜਾ ਕੁਝ ਲੈ ਚੱਲੇ।
ਸੱਚ ਹੈ "ਬੰਦਾ ਨੀਤ ਦਾ ਰੱਜਿਆ ਹੋਵੇ, ਚੰਗੇ ਮਾੜੇ ਹਾਲਾਤ ਤਾਂ ਸਾਰੀ ਉਮਰ ਚਲਦੇ ਹੀ ਰਹਿੰਦੇ ਹੈ।"
ਸੱਚਮੁੱਚ ਹਾਲਾਤਾਂ ਦੇ ਮਾਰੇ ਉਹ ਲੋਕ, ਨੀਤਾਂ ਦੇ ਰੱਜੇ ਲੱਗੇ।