15/04/2026
ਇਨਸਾਨ ਜੋ ਵੀ ਕਰਮ ਕਰਦਾ ਹੈ, ਉਹ ਅਕਸਰ ਆਪਣੀ ਸੋਚ ਤੱਕ ਹੀ ਸੀਮਿਤ ਹੁੰਦਾ ਹੈ। ਉਸਨੂੰ ਲੱਗਦਾ ਹੈ ਕਿ ਉਹ ਆਪਣੇ ਸਾਰੇ ਕੰਮਾਂ ਨੂੰ ਖੁਦ ਕੰਟਰੋਲ ਕਰ ਰਿਹਾ ਹੈ। ਪਰ ਮੇਰੀ ਸੋਚ ਕੁਝ ਹੋਰ ਹੈ—ਮੈਂ ਮੰਨਦਾ ਹਾਂ ਕਿ ਕੁਦਰਤ ਬਹੁਤ ਵੱਡੀ ਹੈ, ਸਾਡੀ ਸੋਚ ਤੋਂ ਕਿਤੇ ਉੱਪਰ। ਸਭ ਕੁਝ ਕੁਦਰਤ ਦੇ ਹੀ ਕੰਟਰੋਲ ਵਿੱਚ ਹੈ, ਤੇ ਰੱਬ ਹਰ ਇੱਕ ਨੂੰ ਦਾਣੇ-ਪਾਣੀ ਦਾ ਹੱਕ ਆਪਣੇ ਆਪ ਦੇਂਦਾ ਹੈ।
ਅੱਜ ਮੈਂ ਆਪਣੀ ਇੱਕ ਛੋਟੀ ਜੀ ਕਹਾਣੀ ਸਾਂਝੀ ਕਰਦਾ ਹਾਂ। ਜਦੋਂ ਮੈਂ ਲੰਚ ਕੀਤਾ, ਤਾਂ ਮੇਰੇ ਕੋਲ 2 ਰੋਟੀਆਂ ਬਚ ਗਈਆਂ। ਮੈਂ ਸੋਚਿਆ ਕਿ ਕੋਲ ਬੈਠੀਆਂ ਆਵਾਰਾ ਗਾਂਵਾਂ ਨੂੰ ਖਵਾ ਦੇਵਾਂ, ਪਰ ਉਹ ਸਾਰੀਆਂ ਦਰੱਖਤਾਂ ਦੀ ਠੰਡੀ ਛਾਂ ਵਿੱਚ ਆਰਾਮ ਕਰ ਰਹੀਆਂ ਸਨ। ਮੈਨੂੰ ਠੀਕ ਨਹੀਂ ਲੱਗਿਆ ਕਿ ਮੈਂ ਉਹਨਾਂ ਨੂੰ ਉਠਾ ਕੇ ਰੋਟੀ ਖਵਾਵਾਂ, ਕਿਉਂਕਿ ਦੋ ਰੋਟੀਆਂ ਨਾਲ ਉਹਨਾਂ ਦੀ ਭੁੱਖ ਵੀ ਨਹੀਂ ਮਿਟਣੀ ਸੀ, ਤੇ ਉਪਰੋਂ ਉਹਨਾਂ ਦਾ ਆਰਾਮ ਵੀ ਖਰਾਬ ਹੋਣਾ ਸੀ।
ਫਿਰ ਮੈਂ ਬਿਨਾਂ ਜ਼ਿਆਦਾ ਸੋਚੇ ਉਹ ਰੋਟੀਆਂ ਕੋਲ ਪਏ ਇੱਕ ਪੱਥਰ ਤੇ ਰੱਖ ਦਿੱਤੀਆਂ। ਮੇਰੇ ਦੇਖਦੇ ਹੀ ਇੱਕ ਕਾਟੋ ਆਈ ਤੇ ਉਹ ਰੋਟੀਆਂ ਖਾਣ ਲੱਗ ਗਈ ਉਸ ਵੇਲੇ ਦਿਲ ਨੂੰ ਬਹੁਤ ਸੁਕੂਨ ਮਿਲਿਆ, ਕਿਉਂਕਿ ਜੋ ਦੋ ਰੋਟੀਆਂ ਗਾਂ ਲਈ ਕੁਝ ਵੀ ਨਹੀਂ ਸਨ, ਉਹੀ ਇੱਕ ਕਾਟੋ ਲਈ ਕਈ ਦਿਨਾਂ ਦਾ ਖਾਣਾ ਬਣ ਗਈਆਂ।
ਇਸ ਤਰ੍ਹਾਂ ਕਈ ਵਾਰ ਜੋ ਚੀਜ਼ ਕਿਸੇ ਇੱਕ ਲਈ ਬਿਲਕੁਲ ਛੋਟੀ ਹੁੰਦੀ ਹੈ, ਉਹ ਕਿਸੇ ਹੋਰ ਲਈ ਬਹੁਤ ਕੀਮਤੀ ਬਣ ਜਾਂਦੀ ਹੈ। ਇਸ ਕਰਕੇ ਸਾਨੂੰ ਹਰ ਵਾਰ ਬਹੁਤ ਜ਼ਿਆਦਾ ਸਿਆਣਪ ਨਹੀਂ ਦਿਖਾਉਣੀ ਚਾਹੀਦੀ। ਕੁਝ ਗੱਲਾਂ ਕੁਦਰਤ ਤੇ ਛੱਡ ਦੇਣੀਆਂ ਚਾਹੀਦੀਆਂ ਹਨ, ਕਿਉਂਕਿ ਕੁਦਰਤ ਆਪਣੇ ਆਪ ਉਹਨਾਂ ਨੂੰ ਸਹੀ ਥਾਂ ਤੇ ਪਹੁੰਚਾ ਦਿੰਦੀ ਹੈ।