17/09/2026
ਕੰਜਕ
ਇਹ ਸ਼ਬਦ ਸੰਸਕ੍ਰਿਤ ਦੇ 'ਕਨਲਕ' ਸ਼ਬਦ ਤੋਂ ਬਣਿਆ ਹੈ ਜਿਸ ਦਾ ਅਰਥ ਕੁਆਰੀ ਕੁੜੀ ਜਾਂ ਬਾਲੜੀ ਹੈ। ਹਿੰਦੂ ਧਰਮ ਵਿੱਚ ਕੰਜਕ ਨੂੰ ਦੇਵੀ ਦਾ ਰੂਪ ਮੰਨ ਕੇ ਖਾਸ ਖਾਸ ਮੌਕਿਆਂ ਤੇ ਪੂਜਿਆ ਜਾਂਦਾ ਹੈ, ਜਿਵੇਂ ਕਿ ਨੌਰਾਤਿਆਂ ਤੇ ਦਿਨਾਂ ਵਿਚ ਦੇਵੀ ਮਾਤਾ ਨੂੰ ਪ੍ਰਸੰਨ ਕਰਨ ਲਈ ਕੁਆਰੀਆਂ ਕੁੜੀਆਂ ਨੂੰ ਭੋਜਨ ਖੁਆਇਆ ਜਾਂਦਾ ਹੈ । ਇਸ ਪ੍ਰਥਾ ਨੂੰ ਕੰਜਕਾਂ ਬਿਠਾਉਣਾ ਕਿਹਾ ਜਾਂਦਾ ਹੈ। ਕੰਜਕਾਂ ਬਿਠਾਉਣ ਵੇਲੇ ਪੰਜ, ਸੱਤ ਜਾਂ ਨੌ ਕੁੜੀਆਂ ਨੂੰ ਭੋਜਨ ਖਵਾਇਆ ਜਾਂਦਾ ਹੈ ਅਤੇ ਕੰਜਕਾਂ ਨੂੰ ਦਕਸ਼ਣਾ ਵੱਟੇ ਕੁਝ ਪੈਸੇ ਵੀ ਦਿੱਤੇ ਜਾਂਦੇ ਹਨ। ਕੁਝ ਸ਼ਰਧਾਵਾਨ, ਕੰਜਕਾਂ ਨੂੰ ਲਾਲ ਰੰਗ ਦੀ ਚੁੰਨੀ ਜਾਂ ਤਿਓਰ ਵੀ ਦਿੰਦੇ ਹਨ।
ਅੱਜ ਆਪਣੇ ਮੁਲਕ ਵਿਚ ਧੀਆਂ ਦੇ ਜੋ ਹਾਲਾਤ ਨੇ ਕੁਝ ਕਹਿਣ ਦੀ ਲੋਡ ਨਹੀਂ, ਅਸੀਂ ਸਭ ਜਾਣਦੇ ਹਾਂ, ਲਿਖਣ ਪੜ੍ਹਨ ਦੋਹਾਂ ਵਿਚ ਸ਼ਰਮ ਆਵੇਗੀ। ਆਪਣੇ ਪੁਰਾਣੇ ਬੁਜ਼ੁਰਗ ਬਹੁਤ ਦੂਰ ਅੰਦੇਸ਼ੀ ਸਨ, ਉਹ ਜਾਣਦੇ ਸਨ ਕਿ ਜੇ ਲੋਕਾਂ ਨੂੰ ਕਿਸੇ ਕੰਮ ਤੋ ਵਰਜਣਾ ਹੈ ਤਾਂ ਉਸ ਕ੍ਰਿਆ ਨੂੰ ਧਾਰਮਿਕ ਰੀਤ ਬਣਾ ਦਿਓ। ਲੋਕਾਂ ਦੇ ਮਨ ਵਿੱਚ ਬਿਠਾ ਦਿੱਤਾ ਗਿਆ ਕਿ ਧੀਆਂ ਪੂਜਣ ਯੋਗ ਹਨ। ਜੇ ਇਸ ਚੰਗੀ ਰੀਤ ਦੀ ਸਿੱਖਿਆ ਲੈਕੇ ਅਮਲ ਵਿੱਚ ਲਿਆਂਦਾ ਜਾਂਦਾ ਤਾਂ ਔਰਤ ਦੇ ਹਾਲਤ ਬਹੁਤ ਵਧੀਆ ਹੁੰਦੇ। ਅਸੀਂ 2010 ਵਿੱਚ ਅੰਡੇਮਾਨ ਘੁੰਮਣ ਗਏ, ਉਥੇ ਸਾਨੂੰ ਪਤਾ ਲਗਿਆ ਕਿ ਜਿਹੜੇ ਘਰ ਵਿੱਚ ਧੀਆਂ ਹੁੰਦਿਆ ਨੇ ਉਸ ਪਰਿਵਾਰ ਦਾ ਬਹੁਤ ਸਤਿਕਾਰ ਕਰਦੇ ਹਨ।
ਕੱਲ੍ਹ ਮੈਂ ਗੁਰੂ ਘਰ ਤੋ ਸਵੇਰੇ ਵਾਪਿਸ ਆ ਰਿਹਾਂ ਸੀ, ਵੇਖਿਆ ਕੀ ਇੱਕ ਕਾਰ ਵਿੱਚ ਮੀਆਂ ਬੀਬੀ ਮਜਦੂਰਾਂ ਦੀਆਂ ਨਿੱਕੀਆਂ ਨਿੱਕੀਆਂ ਧੀਆਂ ਨੂੰ ਬਿਠਾ ਰਹੇ ਸਨ। ਪੰਜਾਬ ਦੇ ਕਿਹੋ ਜਿਹੇ ਹਾਲਤ ਨੇ ਆਪਣੀਆਂ ਗਲੀਆਂ ਮੋਹਲਿਆਂ ਵਿੱਚ ਸੱਤ ਧੀਆਂ ਵੀ ਨਹੀਂ ਇਕੱਠੀਆਂ ਹੁੰਦੀਆਂ।
ਦੋਸ਼ ਕਿਸ ਨੂੰ ਦਈਏ, ਧੀਆਂ ਦੀ ਘਟਦੀ ਗਿਣਤੀ ਜਾਂ ਲਗਾਤਾਰ ਨੌਜਵਾਨੀ ਵਿਦੇਸ਼ਾਂ ਵੱਲ ਜਾਣ ਕਰਕੇ। ਰੱਬ ਅੱਗੇ ਅਰਜੋਈ ਹੈ ਕਿ
ਇਹ ਕੰਜਕਾਂ ਸਾਨੂੰ ਧੀਆਂ ਦੀ ਇੱਜਤ ਕਰਨਾ ਸਿਖਾਉਣ ਤਾਂਕਿ ਤਿਓਹਾਰ ਮਨਾਣੇ ਸਾਰਥਕ ਹੋਣ।
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥
ਦੁਨੀਆ ਦੇ ਸਾਰੇ ਜੀਅ ਜੰਤ ਤੇਰੇ ਨਾਲ ਹੀ ਸਾਂਝ ਰੱਖਣ ਵਾਲੇ ਅਖਵਾਂਦੇ ਹਨ । ਕੋਈ ਜੀਵ ਐਸਾ ਨਹੀਂ ਦਿੱਸਦਾ, ਜੋ ਤੈਥੋਂ ਵੱਖਰਾ ਹੋਵੇ, ਜਿਸ ਵਿਚ ਤੂੰ ਨਾਹ ਹੋਵੇਂ।
ਬੀਰ