23/01/2026
ਇੱਕ ਰਾਜਾ ਸੀ, ਉਸਨੇ ਦੂਰ-ਦੂਰ ਤੱਕ ਐਲਾਨ ਕੀਤਾ ਹੋਇਆ ਸੀ ਕਿ ਜਿਹੜਾ ਵੀ ਧਰਮ ਸਭ ਤੋਂ ਵਧੀਆ ਹੋਵੇਗਾ ਉਸਨੂੰ ਮੈਂ ਸਵੀਕਾਰ ਕਰਾਂਗਾ। ਉਸ ਕੋਲ਼ ਬਹੁਤ ਸਾਰੇ ਵਿਦਵਾਨ ਆਉਂਦੇ ਅਤੇ ਸਮਝਾਉਂਦੇ ਕਿ ਸਾਡਾ ਧਰਮ ਉੱਤਮ ਹੈ। ਹਰੇਕ ਇੱਕੋ ਗੱਲ ਕਹਿੰਦਾ ਕਿ ਸਾਡਾ ਧਰਮ ਉੱਤਮ ਹੈ। ਉਹ ਵਿਵਾਦ ਵੀ ਕਰਦੇ, ਇੱਕ ਦੂਜੇ ਨੂੰ ਹਰਾਉਣ ਅਤੇ ਪਛਾੜਨ ਦੀ ਕੋਸ਼ਿਸ਼ ਵੀ ਕਰਦੇ ਪਰ ਰਾਜੇ ਦੇ ਸਾਹਮਣੇ ਕੁਝ ਸਿੱਧ ਨਾ ਹੋ ਸਕਿਆ ਕਿ ਕਿਹੜਾ ਧਰਮ ਸਭ ਤੋਂ ਉੱਤਮ ਹੈ, ਸੱਚਾ ਹੈ। ਅਤੇ ਜਦੋਂ ਇਹੀ ਸਿੱਧ ਨਾ ਹੋਇਆ ਤਾਂ ਰਾਜਾ ਅਧਰਮ ਦਾ ਜੀਵਨ ਜੀਉਂਦਾ ਰਿਹਾ।
ਅਖੀਰ ਰਾਜਾ ਬੁੱਢਾ ਹੋ ਗਿਆ ਅਤੇ ਚਿੰਤਤ ਰਹਿਣ ਲੱਗਾ ਕਿ ਹੁਣ ਅੱਗੇ ਕੀ ਹੋਵੇਗਾ? ਅਧਰਮ ਦਾ ਜੀਵਨ ਦੁੱਖ ਦੇਣ ਲੱਗਾ, ਮਨ ਚ ਪੀੜ ਉੱਠਣ ਲੱਗੀ। ਪਰ ਜਦੋਂ ਸਭ ਤੋਂ ਵਧੀਆ ਧਰਮ ਹੀ ਨਹੀਂ ਮਿਲਿਆ ਤਾਂ ਉਹ ਧਰਮ ਦੇ ਮਾਰਗ 'ਤੇ ਚੱਲ ਵੀ ਕਿਵੇਂ ਸਕਦਾ ਸੀ? ਅੰਤ ਵਿੱਚ, ਇੱਕ ਫਕੀਰ ਉਸਦੇ ਦਰਵਾਜ਼ੇ 'ਤੇ ਆਇਆ।
ਰਾਜੇ ਨੇ ਕਿਹਾ, "ਮੈਂ ਸਭ ਤੋਂ ਵਧੀਆ ਧਰਮ ਦੀ ਭਾਲ ਵਿੱਚ ਹਾਂ।"
ਫਕੀਰ ਨੇ ਕਿਹਾ, "ਸਭ ਤੋਂ ਵਧੀਆ ਧਰਮ? ਕੀ ਬਹੁਤ ਸਾਰੇ ਧਰਮ ਹੁੰਦੇ ਹਨ?"
ਰਾਜੇ ਨੇ ਕਿਹਾ, "ਪਰ ਮੇਰੇ ਕੋਲ ਤਾਂ ਜਿੰਨੇ ਲੋਕ ਆਏ ਉਨ੍ਹਾਂ ਇਹੀ ਕਿਹਾ ਕਿ ਸਾਡਾ ਧਰਮ ਸਭ ਤੋਂ ਵਧੀਆ ਹੈ।”
ਫਕੀਰ ਨੇ ਕਿਹਾ, “ਰਾਜਨ, ਪਰ ਤੈਨੂੰ ਹੋਰਾਂ ਦੇ ਵਿਚਾਰਾਂ ’ਤੇ ਨਿਰਭਰ ਰਹਿਣ ਦੀ ਕੀ ਲੋੜ ਹੈ?”
ਰਾਜਾ ਫਕੀਰ ਦੀ ਗੱਲ ਤੋਂ ਕੁਝ ਪ੍ਰਭਾਵਿਤ ਹੋਇਆ। ਉਸਨੇ ਕਿਹਾ, "ਤਾਂ ਫਿਰ ਤੁਸੀਂ ਮੈਨੂੰ ਦੱਸੋ ਕਿ ਮੈਂ ਕੀ ਕਰਾਂ?”
ਉਸ ਫਕੀਰ ਨੇ ਕਿਹਾ ਕਿ ਚੱਲੋ, ਨਦੀ ਦੇ ਪਾਰ ਚੱਲੀਏ, ਉੱਥੇ ਮੈਂ ਤੁਹਾਨੂੰ ਦੱਸਾਂਗਾ।
ਉਹ ਨਦੀ ਦੇ ਕੰਢੇ ਗਏ। ਉਸ ਫਕੀਰ ਨੇ ਕਿਹਾ ਕਿ ਜਿਹੜੀ ਸਭ ਤੋਂ ਵਧੀਆ ਕਿਸ਼ਤੀ ਹੈ ਤੁਹਾਡੇ ਰਾਜ ਵਿੱਚ ਉਹ ਮੰਗਵਾਓ, ਆਪਾਂ ਉਸ 'ਚ ਬੈਠ ਕੇ ਉਸ ਪਾਸੇ ਜਾਵਾਂਗੇ।
ਰਾਜੇ ਨੇ ਕਿਹਾ, "ਇਹ ਬਿਲਕੁਲ ਸਹੀ ਹੈ। ਜਦੋਂ ਰਾਜੇ ਨੇ ਜਾਣਾ ਹੋਵੇ ਤਾਂ ਸਭ ਤੋਂ ਵਧੀਆ ਕਿਸ਼ਤੀ ਹੀ ਆਉਣੀ ਚਾਹੀਦੀ ਹੈ।"
ਵੀਹ-ਪੱਚੀ ਜੋ ਸਭ ਤੋਂ ਵਧੀਆ ਕਿਸ਼ਤੀਆਂ ਸਨ ਉਹ ਬੁਲਾਈਆਂ ਗਈਆਂ। ਸਵੇਰੇ ਉਹ ਗਏ ਸਨ, ਦੁਪਹਿਰ ਇਸੇ ਵਿੱਚ ਹੋ ਗਈ, ਸਾਰੀਆਂ ਕਿਸ਼ਤੀਆਂ ਇਕੱਠੀਆਂ ਹੋਈਆਂ। ਹੁਣ ਉਹ ਘਾਟ 'ਤੇ ਭੁੱਖੇ ਬੈਠੇ ਹੋਏ ਹਨ।
ਉਹ ਫਕੀਰ ਵੀ ਅਜੀਬ ਸੀ। ਹਰੇਕ ਕਿਸ਼ਤੀ ਵਿੱਚ ਨੁਕਸ ਕੱਢਣ ਲੱਗਾ ਕਿ ਇਸ ਵਿੱਚ ਇਹ ਖਰਾਬੀ ਹੈ, ਇਸ ਵਿੱਚ ਇਹ ਨੁਕਸ ਹੈ, ਇਸ ਵਿੱਚ ਦਾਗ਼ ਲੱਗਾ ਹੈ ਇਹ ਤਾਂ ਤੁਹਾਡੇ ਬੈਠਣ ਦੇ ਯੋਗ ਨਹੀਂ ਹੈ, ਇਸ ਵਿੱਚ ਮੈਂ ਕਿਵੇਂ ਬੈਠ ਸਕਦਾ ਹਾਂ, ਇਹ ਬਹੁਤ ਛੋਟੀ ਹੈ।
ਰਾਜਾ ਵੀ ਥੱਕ ਗਿਆ, ਸ਼ਾਮ ਹੋ ਗਈ ਸੀ, ਸੂਰਜ ਡੁੱਬ ਰਿਹਾ ਸੀ।
ਰਾਜੇ ਨੇ ਖਿਝ ਕੇ ਕਿਹਾ, "ਤੁਸੀਂ ਇਹ ਕੀ ਬਕਵਾਸ ਲਗਾ ਰੱਖੀ ਹੈ? ਕੋਈ ਵੀ ਕਿਸ਼ਤੀ ਕੰਮ ਦੇ ਸਕਦੀ ਹੈ ਅਤੇ ਜੇਕਰ ਤੁਹਾਨੂੰ ਕੋਈ ਵੀ ਕਿਸ਼ਤੀ ਪਸੰਦ ਨਹੀਂ ਆਉਂਦੀ ਤਾਂ ਨਦੀ ਵੀ ਕੋਈ ਬਹੁਤੀ ਡੂੰਘੀ ਨਹੀਂ ਹੈ; ਆਪਾਂ ਤੈਰ ਕੇ ਪਾਰ ਕਰ ਸਕਦੇ ਹਾਂ। ਛੋਟੀ ਜਿਹੀ ਨਦੀ ਹੈ; ਆਪਾਂ ਕਦੋਂ ਦੇ ਦੂਜੇ ਪਾਸੇ ਪਹੁੰਚ ਗਏ ਹੁੰਦੇ।"
ਫਕੀਰ ਜਿਵੇਂ ਇਸੇ ਗੱਲ ਦੀ ਉਡੀਕ ਕਰ ਰਿਹਾ ਸੀ, ਉਸਨੇ ਕਿਹਾ, "ਮੈਂ ਇਹੀ ਸੁਣਨਾ ਚਾਹ ਰਿਹਾ ਸੀ। ਤੁਹਾਨੂੰ ਆਪਣੇ ਜੀਵਨ ਵਿੱਚ ਕਦੇ ਇਹ ਖਿਆਲ ਨਹੀਂ ਆਇਆ ਕਿ ਤੁਸੀਂ ਬਾਹਰ ਦੇ ਧਰਮ ਦੀ ਉਡੀਕ ਕਿਉਂ ਕਰ ਰਹੇ ਹੋ; ਅੰਦਰ ਵੀ ਤਾਂ ਡੁੱਬਕੀ ਲਗਾਈ ਜਾ ਸਕਦੀ ਹੈ। ਅਤੇ ਸੱਚ ਤਾਂ ਇਹੀ ਹੈ ਕਿ ਧਰਮ ਦੀ ਅਜਿਹੀ ਕੋਈ ਕਿਸ਼ਤੀ ਨਹੀਂ ਹੁੰਦੀ ਜੋ ਸੱਚ ਦੇ ਦਰਿਆ ਨੂੰ ਪਾਰ ਕਰਾਵੇ। ਬਲਕਿ ਆਪਣੇ ਆਪ ਹੀ ਤੈਰਨਾ ਪੈਂਦਾ ਹੈ। ਫਿਰ ਸੁਣ ਲਵੋ, ਧਰਮ ਦੀ ਕੋਈ ਕਿਸ਼ਤੀ ਨਹੀਂ ਹੁੰਦੀ।"
— ਓਸ਼ੋ 🌸 (ਅਨੁਵਾਦ: ਮੀਤ ਅਨਮੋਲ)