28/12/2025
ਵਸੀਅਤ - ਨਾਮਾ
ਸਿੱਖ ਪ੍ਰਚਾਰਕ ਸਾਰੀ ਜਿੰਦਗੀ ਧਰਮ ਪ੍ਰਚਾਰ ਕਰਦੇ ਹੋਏ ਚਲਾਣਾ ਕਰ ਜਾਂਦੇ ਹਨ। ਮੌਤ ਉਪ੍ਰੰਤ ਰਿਸ਼ਤੇਦਾਰ, ਸਾਕ ਸਬੰਧੀ ਅਤੇ ਪਰਿਵਾਰਕ ਮੈਂਬਰ ਅੰਤ ਸਮੇਂ ਉਸਦੇ ਕੀਤੇ ਹੋਏ ਪ੍ਰਚਾਰ ਤੋਂ ਉਲਟ ਗੁਰਮਤਿ ਵਿਰੋਧੀ ਰਸਮਾਂ ਕਰਕੇ ਸਿੱਖ ਰਹਿਤ ਮਰਯਾਦਾ ਦੀਆਂ ਧਜੀਆਂ ਉਡਾਉਂਦੇ ਹਨ। *ਇਸ ਲਈ ਮੈਂ ਸੁਰਿੰਦਰ ਸਿੰਘ ਸਪੁੱਤਰ ਸ: ਅਜੀਤ ਸਿੰਘ ਵਾਸੀ- ਮੁਹੱਲਾ- ਕੁਰਾਲੀਵਾਲਾ, ਸ੍ਰੀ ਅਨੰਦਪੁਰ ਸਾਹਿਬ, ਰੋਪੜ, ਆਪਣੀ ਧਾਰਮਿਕ ਵਸੀਅਤ ਹੇਠ ਲਿਖੇ ਅਨੁਸਾਰ ਲਿਖ ਰਿਹਾ ਹਾਂ।* ਕ੍ਰਿਪਾ ਕਰਕੇ ਸੌਂ ਪ੍ਰਤੀਸ਼ਤ ਲਾਗੂ ਕੀਤੀ ਜਾਵੇ।
ਸੋ ਸਿੱਖ ਸਖਾ ਬੰਧਪ ਹੈ ਭਾਈ
ਜਿ ਗੁਰ ਕੇ ਭਾਣੇ ਵਿਚਿ ਆਵੈ॥
ਆਪਣੈ ਭਾਣੈ ਜੋ ਚਲੈ ਭਾਈ
ਵਿਛੁੜਿ ਚੋਟਾ ਖਾਵੈ॥
ਮੌਤ ਇੱਕ ਅਟੱਲ ਸੱਚਾਈ ਹੈ ਜੋ ਹਰ ਜੀਵ ਤੇ ਆਉਣੀ ਹੈ। ਹਰ ਇਨਸਾਨ ਨੂੰ ਇਸਦਾ ਸਵਾਗਤ ਕਰਨ ਲਈ ਮਾਨਸਿਕ ਤੋਰ ਤੇ ‘ਤਿਆਰ ਬਰ ਤਿਆਰ’ ਰਹਿਣਾ ਚਾਹੀਦਾ ਹੈ । ਇਸ ਲਈ ਜਦੋਂ ਮੇਰੀ ਮੌਤ ਹੋ ਜਾਵੇ ਇਸ ਨੂੰ ਅਕਾਲ ਪੁਰਖ ਦਾ ਭਾਣਾ ਮੰਨਦੇ ਹੋਏ ਖਿੜੇ ਮੱਥੇ ਪ੍ਰਵਾਨ ਕਰਨਾ ਹੈ। ਕਿਸੇ ਨੇ ਵੀ ਰੋਣਾ ਕੁਰਲਾਉਣਾ ਜਾਂ ਪਿੱਟਣ ਸਿਆਪਾ ਨਹੀਂ ਕਰਨਾ।
ਸ੍ਰੀ ਗੁਰੂ ਅਮਰਦਾਸ ਜੀ ਦਾ ਹੁਕਮ ਹੈ-
“ਮਤ ਮੈ ਪਿਛੈ ਕੋਈ ਰੋਵਸੀ
ਸੋ ਮੈ ਮੂਲਿ ਨ ਭਾਇਆ॥”
ਮਨ ਨੂੰ ਪ੍ਰਭੂ ਭਾਣੇ ਵਿੱਚ ਲਿਆਉਣ ਲਈ ਕੇਵਲ ਗੁਰਬਾਣੀ ਦਾ ਪਾਠ ਜਾਂ ਕੀਰਤਨ ਹੀ ਕੀਤਾ ਜਾਵੇ । ਜਾਂ ਸੀ ਡੀ ਪਲੇਅਰ ਦੀ ਮਦਦ ਲਈ ਜਾਵੇ ਤੇ ਹੇਠ ਲਿਖੀਆ ਗੱਲਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ:-
1. ਜੇ ਸਰੀਰ ਜਾਂ ਕੋਈ ਅੰਗ ਦਾਨ ਕੀਤਾ ਹੈ ਤਾਂ ਸਬੰਧਿਤ ਮਹਿਕਮੇ ਨਾਲ ਜਲਦੀ ਸੰਪਰਕ ਕੀਤਾ ਜਾਵੇ।
2- ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਨੂੰ 100 ਪ੍ਰਤੀਸ਼ਤ ਲਾਗੂ ਕੀਤਾ ਜਾਵੇ।
3- ਮ੍ਰਿਤਕ ਸਰੀਰ ਨੂੰ ਧਰਤੀ ਤੇ ਨਾ ਲੇਟਾਇਆ ਜਾਵੇ ਅਤੇ ਕਿਸੇ ਕਿਸਮ ਦਾ ਦੀਵਾ,ਵੱਟੀ, ਕਣਕ, ਪੈਸੇ ਆਦਿ ਸਿਰਾਹਣੇ ਨਾ ਰੱਖੇ ਜਾਣ । ਕੀਰਤਨ ਕਰਨ ਸਮੇਂ ਰਾਗੀ ਜਥਾ ਜਾਂ ਪਾਠੀ ਸਿੰਘ ਉੱਚੀ ਥਾਂ ਤੇ ਬੈਠੇ।
4. ਮੌਤ ਉਪ੍ਰੰਤ ਲੰਗਰ ਪ੍ਰਸ਼ਾਦਾ ਪਾਣੀ ਆਦਿ ਘਰ ਵਿੱਚ ਹੀ ਤਿਆਰ ਕੀਤਾ ਜਾਵੇ। ਗੁਰੂ ਹੁਕਮ ਹੈ:-
ਜੰਮਣ ਮਰਣਾ ਹੁਕਮ ਹੈ
ਭਾਣੈ ਆਵੈ ਜਾਇ॥
ਖਾਣਾ ਪੀਣਾ ਪਵਿਤ੍ਰ ਹੈ,
ਦਿਤੋਨੁ ਰਿਜਕੁ ਸੰਬਾਹਿ॥”
5. ਜੇ ਮੌਤ ਇਸ਼ਨਾਨ ਕਰਨ ਉਪ੍ਰੰਤ ਹੋਈ ਹੈ ਤਾਂ ਦੁਬਾਰਾ ਇਸ਼ਨਾਨ ਦੀ ਲੋੜ ਨਹੀਂ। ਜੇ ਰਾਤ ਜਾਂ ਇੱਕ ਦਿਨ ਪਹਿਲਾਂ ਹੋਈ ਹੈ ਤਾਂ ਇਸ਼ਨਾਨ ਅੰਮ੍ਰਿਤ ਵੇਲੇ ਹੀ ਕਰਵਾਇਆ ਜਾਵੇ। ਤੇ ਨਿਤਨੇਮ ਜਾਂ ਕੀਰਤਨ ਆਦਿ ਨਿਰੰਤਰ ਜਾਰੀ ਰਹੇ।
6. ਸਮੇਂ ਦੀ ਬੰਦਿਸ਼- ਸੰਗਤਾਂ ਨੂੰ ਜੋ ਸਮਾਂ ਸ਼ਮਸ਼ਾਨ ਵਲ ਜਾਣ ਲਈ ਦਿੱਤਾ ਗਿਆ ਹੈ ਉਸਦਾ ਪਾਬੰਦ ਰਿਹਾ ਜਾਵੇ।
7. ਪੰਚਕਾਂ ਦੇ ਵਹਿਮ ਕਾਰਨ ਪੰਜ ਗੁੱਡੇ ਜਾਂ ਪੰਜ ਪੂਲੇ ਸਸਕਾਰ ਸਮੇਂ ਨਾ ਸਾੜੇ ਜਾਣ।
8. ਅਰਥੀ ਤਿਆਰ ਕਰਨ ਸਮੇਂ ਕਿਸੇ ਕਿਸਮ ਦਾ ਵਹਿਮ ਨਾ ਕੀਤਾ ਜਾਵੇ ਅਤੇ ਕਫਨ ਦੀ ਥਾਂ ਤੇ ਲੋਈਆਂ ਕੰਬਲ ਆਦਿ ਫਜੂਲ ਖਰਚਾ ਨਾ ਕੀਤਾ ਜਾਵੇ।ਸ਼ਮਸ਼ਾਨ ਵੱਲ ਚਾਲੇ ਪਾਉਣ ਸਮੇਂ ਪ੍ਰੀਵਾਰਕ ਮੈਂਬਰਾਂ ਵਲੋਂ ਪੈਸੇ ਰੱਖਕੇ ਮੱਥਾ ਟੇਕਣਾ ਨਿਰੋਲ ਮਨਮਤ ਹੈ, ਅਜਿਹਾ ਨਾ ਕੀਤਾ ਜਾਵੇ।
9. ਸ਼ਮਸ਼ਾਨ ਯਾਤਰਾ ਸਮੇਂ ਬਿਬਾਨ ਨਾ ਕੱਢਿਆ ਜਾਵੇ। ਖਿੱਲਾਂ, ਫੁੱਲੀਆਂ, ਬਦਾਮ, ਛੁਆਰੇ, ਮਖਾਣੇ ਆਦਿ ਅਰਥੀ ਤੋਂ ਨਾ ਸੁੱਟੇ ਜਾਣ। ਰਸਤੇ ਵਿੱਚ ਅੱਧਵਾਟਾ ਨਾ ਕੀਤਾ ਜਾਵੇ।
10. ਸਸਕਾਰ ਸਮੇਂ ਚਿਤਾ ਉੱਤੇ ਰੱਖੀ ਲਾਸ਼ ਦੇ ਮੂੰਹ ਵਿੱਚ ਦੇਸੀ ਘਿਉ ਅਤੇ ਸਮੱਗਰੀ ਆਦਿ ਨਾ ਪਾਈ ਜਾਵੇ।
11. ਸਸਕਾਰ ਸਮੇਂ ਪੁੱਤਰ ਹੀ ਨਹੀਂ ਧੀਆਂ ਵੀ ਚਿਤਾ ਨੂੰ ਅਗਨੀ ਦਿਖਾ ਸਕਦੀਆਂ ਹਨ। ਲਾਂਬੂ ਲਾ ਕੇ ਪਿੱਛੇ ਮੁੜਣਾ, ਅਰਥੀ ਦਾ ਬਾਂਸ ਚਿਤਾ ਉੱਤੋਂ ਸੁੱਟਣਾ, ਸਿਰ ਨੂੰ ਠੋਕਣਾ (ਕਪਾਲ ਕਿਰਿਆ), ਚੰਦਨ ਜਾਂ ਹੋਰ ਲੱਕੜ ਦੇ ਟੁਕੜੇ ਕਰਕੇ ਵੰਡਣ (ਤੀਲੇ ਤੋੜਣ ਦੀ ਰਸਮ), ਸੁੱਚਮਤਾ (ਹੱਥ ਮੂੰਹ ਧੋਣਾ) ਦਾ ਵਹਿਮ ਬਿਲਕੁਲ ਨਾ ਕੀਤੇ ਜਾਣ।
12. ਸਸਕਾਰ ਸਮੇਂ ਸਮਸ਼ਾਨ ਘਾਟ ਵਿਖੇ ਹੀ ਸੰਗਤ ਦੇ ਬੈਠਣ ਲਈ ਦਰੀਆਂ, ਕੀਰਤਨ ਲਈ ਸਾਊਂਡ ਸਰਵਿਸ ਅਤੇ ਕੜਾਹ ਪ੍ਰਸ਼ਾਦਿ ਦੀ ਦੇਗ, ਵਰਤਾਉਣ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਜਾਵੇ।
13. ਘਰ ਪ੍ਰਵੇਸ਼ ਸਮੇਂ ਪਾਣੀ ਦੇ ਛਟੇ, ਚੀਨੀ, ਜਾਂ ਕਣਕ ਆਦਿ ਸੰਬੰਧੀਆਂ ਉਤੇ ਸੁੱਟਣਾ,ਦਸਨ੍ਹਾਉਣ (ਦਸਵੇ ਦਿਨ ਦਾ ਇਸ਼ਨਾਨ), ਪਾਤਕ (ਮੌਤ ਸਮੇਂ ਦੀ ਭਿੱਟ ਦਾ ਵਹਿਮ), ਦਰਵਾਜੇ ਵਿੱਚ ਦੀਵਾ ਜਗਾਉਣਾ ਆਦਿ ਨਿਰੋਲ ਮਨਮੱਤ ਹੈ।
14. ਫੁੱਲ ਚੁਗਣੇ:-ਸਿੱਖ ਰਹਿਤ ਮਰਯਾਦਾ ਅਨੁਸਾਰ ਫੁੱਲ (ਅਸਥੀਆਂ) ਚੁਗਕੇ ਪਤਾਲਪੁਰੀ ਪਾਉਣੀਆਂ ਨਿਰੋਲ ਮਨਮੱਤ ਹੈ। ਅਸਥੀਆਂ ਨੇੜੇ ਵੱਗਦੇ ਪਾਣੀ ਵਿੱਚ ਜਾਂ ਜ਼ਮੀਨ ਵਿੱਚ ਦਬਾ ਦਿੱਤੀਆਂ ਜਾਣ।
15. ਰਿਸ਼ਤੇਦਾਰਾਂ, ਸੌਹਰਿਆਂ ਜਾਂ ਪੇਕਿਆਂ ਵਲੋਂ ਮਕਾਣ, ਮੋੜਵੀ ਮਕਾਣ ਆਦਿ ਫਜੂਲ ਰਸਮਾਂ ਨਾ ਕੀਤੀਆਂ ਜਾਣ । ਮਕਾਣਾਂ ਲਈ ਕੋਈ ਵਿਸ਼ੇਸ਼ ਦਿਨ ਨਿਯਤ ਨਾ ਕੀਤਾ ਜਾਵੇ।ਸਗੋਂ ਇੱਕੋ ਦਿਨ ਭੋਗ ਸਮੇਂ ਹੀ ਸਮਾਗਮ ਕੀਤਾ ਜਾਵੇ।
16. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ (ਰੋਜ਼ਾਨਾ ਚਾਰ ਪੰਨੇ) ਕਰਕੇ ਮੈਂ ਆਪ ਸ਼ੁਰੂ ਕੀਤਾ ਹੋਇਆ ਹੈ। ਜੋ ਕਿ ਸੈਂਚੀਆਂ ਦੇ ਨਾਲ ਪਈ ਕਾਪੀ ਵਿੱਚ ਪੰਨਾ ਨੰ: ਦਰਜ ਹੈ। ਬਾਕੀ ਰਹਿੰਦਾ ਪਾਠ ਆਪ ਪੂਰਾ ਕਰਕੇ ਜਾਂ ਸੰਪੂਰਨ ਪਾਠ ਦਾ ਭੋਗ ਨੀਅਤ ਸਮੇਂ ਵਿੱਚ ਪਾਇਆ ਜਾਵੇ। ਪਾਠ ਸਮੇਂ ਕੁੰਭ, ਨਾਰੀਅਲ, ਲਾਲ ਮੌਲੀ, ਜੋਤ, ਆਦਿ ਦੀ ਵਰਤੋਂ ਨਾ ਕੀਤੀ ਜਾਵੇ।
17. ਅੰਤਿਮ ਅਰਦਾਸ ਸਮੇਂ ਗੁਰਮਤਿ ਦ੍ਰਿੜ ਕਰਵਾਉਣ ਲਈ ਕੀਰਤਨ, ਕਥਾ ਜਾਂ ਗੁਰਮਤਿ ਵਖਿਆਨ ਹੀ ਕੀਤੇ ਜਾਣ। ਇਸ ਸਮੇਂ ਨੂੰ ਸ਼ੋਕ ਜਾਂ ਸ਼ਰਧਾਂਜਲੀ ਸਮਾਗਮ ਨਹੀਂ ਬਲਕਿ ਅਰਦਾਸ ਸਮਾਗਮ ਹੀ ਲਿਖਿਆ ਤੇ ਆਖਿਆ ਜਾਵੇ।
18. ਇਸ ਸਮੇਂ ਮ੍ਰਿਤਕ ਦੀ ਫੋਟੋ ਰੱਖਣੀ, ਚਿੱਟੀਆਂ ਚੁੰਨੀਆਂ ਲੈਣੀਆਂ, ਰਜਾਈ-ਤੁਲਾਈ, ਮੰਜਾ, ਬਿਸਤਰਾ, ਫਲ ਫਰੂਟ,ਕੱਪੜੇ ਬਰਤਨ ਆਦਿ ਦਾਨ ਕਰਨੇ ਗੁਰਮਤਿ ਵਿਰੋਧੀ ਕੰਮ ਹਨ, ਬਿਲਕੁਲ ਨਾ ਕੀਤੇ ਜਾਣ। (ਚਿੱਟੀਆਂ ਚੁੰਨੀਆਂ ਹੋਰ ਮੱਤਾਂ ਵਿੱਚ ਸੋਗ, ਵਿਧਵਾ, ਰੰਡੀ, ਕਲਜੋਗਣ, ਕਲਮੂੰਹੀ. ਕੁਲੱਖਣੀ, ਜਾਂ ਡਾਇਣ ਆਦਿਕ ਦੀ ਨਿਸ਼ਾਨੀ ਹੈ। ਇਸ ਮੌਕੇ ਤੇ ਸਿੱਖ ਬੀਬੀਆਂ ਲਈ ਪਹਿਨਣਾਂ ਮਨ੍ਹਾ ਹੈ।)
19. ਦਸਤਾਰ ਬੰਦੀ – ਸਿੱਖ ਰਹਿਤ ਮਰਯਾਦਾ ਵਿੱਚ ਇਸਦਾ ਕੋਈ ਜ਼ਿਕਰ ਨਹੀਂ, ਪਰ ਦਸਤਾਰ ਸਿੱਖ ਦੇ ਜੀਵਨ ਦਾ ਅਨਿੱਖੜਵਾਂ ਅੰਗ ਹੈ। ਦਸਤਾਰ ਬੰਦੀ ਸਮੇਂ ਡਰਾਮੇਬਾਜ਼ੀ ਨਾ ਕੀਤੀ ਜਾਵੇ।
20. ਮ੍ਰਿਤਕ ਪ੍ਰਾਣੀ ਦੇ ਨਮਿਤ ਹਰ ਸਾਲ ਬਰਸੀ, ਵਰੀਣ੍ਹੇ ਜਾਂ ਸ਼ਰਾਧ ਕਰਨੇ ਗੁਰਮਤਿ ਵਿਰੋਧੀ ਕੰਮ ਹਨ। ਨਾ ਕੀਤੇ ਜਾਣ।
21. ਗੁਰਮਤਿ ਸਮਾਗਮ ਸਮੇਂ ‘ਗੁਰੂ ਕਾ ਲੰਗਰ’ ਤੇ ਚਾਹ ਪਾਣੀ ਆਦਿਕ ਸਧਾਰਨ ਰੂਪ ਵਿੱਚ ਹੀ ਕੀਤੇ ਜਾਣ। ਲੋਕ ਦਿਖਾਵੇ ਲਈ ਲੱਡੂ ਜਲੇਬੀਆਂ ਜਾਂ ਸੱਤ-ਸੱਤ ਕਿਸਮ ਦੀ ਮਠਿਆਈ ਦੇ ਅਡੰਬਰ ਨਾ ਕੀਤੇ ਜਾਣ।
22. ਆਉਣ ਵਾਲੀਆਂ ਪੀੜ੍ਹੀਆਂ (ਪੁੱਤ ਪੋਤੇ ਪੋਤੀਆਂ ਪੜਪੋਤੇ, ਧੀਆਂ ਦੋਹਤੇ ਦੋਹਤੀਆਂ ਪੜਦੋਹਤੀਆਂ ਆਦਿ) ਲਈ ਜਰੂਰੀ ਹਿਦਾਇਤਾਂ:-
1.ਗੁਰੂ ਗ੍ਰੰਥ ਤੇ ਗੁਰੂ ਪੰਥ ਹੀ ਗਰੀਬ ਨਿਵਾਜ਼ ਹੈ। ਹਮੇਸ਼ਾ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਜੁੜੇ ਰਹਿਣਾ।ਕਿਉਂ ਕਿ ਸਤਿਗੁਰੂ ਜੀ ਨੇ ਸਾਨੂੰ ਸਰਦਾਰੀਆਂ ਦੇਣ ਲਈ ਆਪਣਾ ਸਰਬੰਸ ਕੁਰਬਾਨ ਕੀਤਾ, ਇਸ ਲਈ ਸਿੱਖ ਧਰਮ ਦੇ ਪ੍ਰਚਾਰ ਲਈ ਸਾਡੇ ਖਾਨਦਾਨ ਵਿੱਚ ਪੀੜ੍ਹੀ ਦਰ ਪੀੜ੍ਹੀ ਪ੍ਰਚਾਰਕ ਪੈਦਾ ਹੁੰਦੇ ਰਹੇ ਹਨ, ਇਹ ਪ੍ਰੰਪਰਾ ਅੱਗੇ ਤੋਂ ਵੀ ਪ੍ਰੋਫੈਸ਼ਨਲ ਜਾਂ ਨਿਸ਼ਕਾਮ ਰੂਪ ਵਿੱਚ ਜਾਰੀ ਰਹਿਣੀ ਚਾਹੀਦੀ ਹੈ।
2.ਗੁਰੂ ਨਾਨਕ ਪਾਤਸ਼ਾਹ ਨੇ ਸਿੱਖਾਂ ਨੂੰ “ਮੰਗਤੇ ਨਹੀਂ, ਸਗੋਂ ਦਾਤੇ” ਬਣਾਇਆ ਹੈ। ਗੁਰਮਤਿ ਦੇ ਤਿੰਨ ਸਿਧਾਂਤ- ‘ਧਰਮ ਦੀ ਕਿਰਤ ਕਰਨੀ , ਨਾਮ ਜਪਣਾ, ਵੰਡ ਛੱਕਣਾ’ ਦੇ ਹਮੇਸ਼ਾ ਧਾਰਨੀ ਬਣੇ ਰਹਿਣਾ। ਤਾਂ ਕਿ ਸਵੈ ਨਿਰਭਰ ਹੋ ਕੇ ਲੋੜਵੰਦਾਂ ਦੀ ਸਹਾਇਤਾ ਜਾਰੀ ਰਹੇ । ਬੇਈਮਾਨੀ ਦੀ ਕਮਾਈ ਨੂੰ ਗੁਰਬਾਣੀ ਵਿੱਚ ਵਿਸ਼ਟਾ ਵਾਲੀ ਕਮਾਈ (ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ॥) ਕਿਹਾ ਗਿਆ ਹੈ। ਇਸ ਤੋਂ ਬਚਣਾ ਹੈ।
3.ਦਸਮੇਸ਼ ਪਿਤਾ ਜੀ ਨੇ ਸਿੱਖਾਂ ਨੂੰ “ਇਨਸਾਫ ਮੰਗਣ ਵਾਲੇ ਨਹੀਂ, ਸਗੋਂ ਇਨਸਾਫ ਦੇਣ ਵਾਲੇ” ਬਣਾਇਆ ਹੈ। ਇਸ ਲਈ ਵਿਦਿਅਕ ਖੇਤਰ ਵਿੱਚ ਵੱਧ ਤੋਂ ਵੱਧ ਪੜ੍ਹਾਈ ਕਰਕੇ ਵੱਡੇ ਤੋਂ ਵੱਡੇ ਰਾਜਨੀਤਕ ਅਤੇ ਪ੍ਰਸ਼ਾਸਨਿਕ ਔਹੁਦੇ ਪ੍ਰਾਪਤ ਕਰਨੇ ਤੁਹਾਡਾ ਪਹਿਲਾ ਫਰਜ਼ ਹੈ।
4.ਪਰ, ਇਹ ਔਹੁਦੇ ਜਾਂ ਰੁਤਬੇ ਤਾਂ ਹੀ ਸਫਲ ਹਨ, ਜੇ ਤੁਹਾਡਾ ਸਿੱਖੀ ਸਰੂਪ ਤੇ ਕਿਰਦਾਰ ਚਾਰੇ ਸਾਹਿਬਜਾਦਿਆਂ ਵਰਗਾ ਹੋਵੇਗਾ।ਇਸ ਲਈ “ਸਾਬਤ ਸੂਰਤ ਦਸਤਾਰ ਸਿਰਾ” ਦੇ ਪਾਬੰਦ ਹੋ ਕੇ, ਸਿੱਖ ਦਸਤਾਰ, ਸਿੱਖ ਰਫਤਾਰ, ਸਿੱਖ ਗੁਫਤਾਰ ਤੇ ਸਿੱਖ ਕਿਰਦਾਰ ਦੀ ਲਾਜ ਰੱਖਣਾ ਤੁਹਾਡਾ ਪਹਿਲਾ ਫਰਜ਼ ਹੈ। ‘ਚਰਿੱਤਰਹੀਣਤਾ ਅਤੇ ਨਸ਼ੇ’ ਮਨੁੱਖ ਨੂੰ ਕੈਂਸਰ ਅਤੇ ਏਡਜ਼ ਦੇ ਕੁੰਭੀ ਨਰਕ ਵਿੱਚ ਸੁੱਟਦੇ ਹੈ। ਅਜਿਹੇ ਪਾਪਾਂ ਤੋਂ ਬੱਚਣਾ ਹੈ।
5-ਬਹੁਤੀ ਮਾਇਆ ਬਾਰੇ, ਸਤਿਗੁਰੂ ਦਾ ਹੁਕਮ ਹੈ- ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥ ਇਸ ਲਈ ਮਾਇਆ ਦਾ ਲਾਲਚ ਨਹੀਂ ਕਰਨਾ। ਦੁਨੀਆਂ ਕਾਰਨ ਦੀਨ ਨਹੀਂ ਗਵਾਉਣਾ।
6-ਦਸਮੇਸ਼ ਪਿਤਾ ਨੇ ਸਾਨੂੰ “ ਗੁਰੂ ਗੰ੍ਰਥ ਅਤੇ ਗੁਰੂ ਪੰਥ” ਦੇ ਲੜ ਲਾਇਆ ਹੈ। ਸ਼ਬਦ ਤੋਂ ਬਿਨਾਂ ਸਖਸ਼ੀ ਪੂਜਾ ਬਿਲਕੁਲ ਨਹੀਂ ਕਰਨੀ।ਸਖਸ਼ੀ ਪੂਜਾ ਤੋਂ ਨਿਰਬੁੱਧਤਾ ਅਤੇ ‘ਸ਼ਬਦ ਗੁਰੂ’ ਤੋਂ ਬਿਬੇਕ ਬੁੱਧ ਪ੍ਰਾਪਤ ਹੁੰਦੀ ਹੈ। ਗੁਰੂ ਵਾਕ ਹੈ:-
ਅਦ੍ਰਿਸ਼ਟ ਅਗੋਚਰੁ ਪਕੜਿਆ ਗੁਰ ਸਬਦੀ, ਹਉ ਸਤਿਗੁਰ ਕੈ ਬਲਿਹਾਰੀਐ॥
ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਉਪਾਸ਼ਕਾਂ ਨਾਲ ਹੀ ਰਿਸ਼ਤੇ ਨਾਤੇ ਅਤੇ ਰੋਟੀ ਬੇਟੀ ਦੀ ਸਾਂਝ ਕਰਨੀ ਹੈ। ਹਰ ਕਿਸਮ ਦੀ ਸੇਧ ਗੁਰਬਾਣੀ ਤੇ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਤੋਂ ਹੀ ਲੈਣੀ ਹੈ।
7-ਗੁਰਬਾਣੀ ਸਿੱਖ ਦੇ ਜੀਵਨ ਦਾ ਆਧਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਜੁੜੇ ਰਹਿਣਾ ਸਾਡਾ ਪਹਿਲਾ ਫਰਜ਼ ਹੈ। ਰੋਜ਼ਾਨਾ ‘ਚਾਰ ਪੰਨੇ’ ਪਾਠ ਕਰਨ ਨਾਲ ਪੂਰੇ ਇੱਕ ਸਾਲ ਵਿੱਚ ਇੱਕ ਸਹਿਜ ਪਾਠ ਸੰਪੂਰਨ ਹੋ ਜਾਂਦਾ ਹੈ। ਸੋ ਪਰਿਵਾਰ ਦੇ ਹਰ ਮੈਂਬਰ ਵਲੋਂ ਸ੍ਰੀ ਸਹਿਜ ਪਾਠ ਨਿਰੰਤਰ ਜਾਰੀ ਰੱਖਿਆ ਜਾਵੇ।
8-ਹਰ ਗੁਰਸਿੱਖ ਅਤੇ ਪ੍ਰਚਾਰਕਾਂ ਨੂੰ ਖਾਸ ਕਰਕੇ ਮੌਤ ਤੋਂ ਪਹਿਲਾਂ ਉਪ੍ਰੋਕਤ ਵਸੀਅਤ ਲਿਖਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੋਂਪ ਦੇਣੀ ਚਾਹੀਦੀ ਹੈ ਤਾਂ ਕਿ ਕੋਈ ਸਾਕ ਸਬੰਧੀ ਮੌਤ ਉਪ੍ਰੰਤ ਗੁਰੂ ਹੁਕਮਾਂ ਦੀ ਉਲੰਘਣਾ ਨਾ ਕਰੇ।
9-ਗੁਰੂ ਪਾਤਸ਼ਾਹ ਦੀ ਕ੍ਰਿਪਾ ਨਾਲ ਆਪਣੇ ਘਰੇਲੂ ਸਮਾਗਮਾਂ ਵਿੱਚ ਗੁਰਮਤਿ ਸਿਧਾਂਤਾਂ ਦੇ ਪਾਬੰਦ ਰਹਿਣ ਦੀ ਹਮੇਸ਼ਾ ਕੋਸ਼ਿਸ਼ ਕੀਤੀ । ਸਮੁੱਚੇ ਪਰਿਵਾਰ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕਰਦਾ ਹਾਂ। ਜੀਵਤ ਸਾਹਿਬੁ ਸੇਵਿਓ ਅਪਨਾ
ਚਲਤੇ ਰਾਖਿਓ ਚੀਤਿ॥(ਪੰਨਾ ਨੰ: 1000 )
ਮੈਂ ਉਪ੍ਰੋਕਤ ਵਸੀਅਤ ਆਪਣੇ ਪੂਰੇ ਹੋਸ਼ ਹਵਾਸ ਵਿੱਚ ਲਿਖ ਦਿੱਤੀ ਹੈ।
ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਦਾਸ ।
ਸਰਕਾਰ ਏ ਖਾਲਸਾ ।