12/09/2026
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ ੭੮੩)
ਸਰਬਸਾਂਝੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਸਮੂਹ ਸਾਧਸੰਗਤ ਨੂੰ ਲੱਖ -ਲੱਖ ਵਧਾਈ ਹੋਵੇ ਜੀ
ਗੁਰੂ ਅਰਜਨ ਦੇਵ ਜੀ ਨੇ ਨਵੇਂ ਵਸੇ ਅੰਮ੍ਰਿਤਸਰ ਸ਼ਹਿਰ ਤੋਂ ਬਾਹਰਵਾਰ ਕੁਝ ਦੂਰੀ 'ਤੇ ਇੱਕ ਬੜੀ ਰਮਨੀਕ ਥਾਂ ਉੱਪਰ 'ਰਾਮਸਰ ਸਰੋਵਰ' ਦੀ ਸਿਰਜਨਾ ਕੀਤੀ ਅਤੇ ਇਸ ਪਾਵਨ ਸਰੋਵਰ ਦੇ ਕਿਨਾਰੇ ਬੈਠ ਕੇ ਹੀ ਉਨ੍ਹਾਂ ਨੇ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਉਚਾਰਨ ਕੀਤੀ ਸੀ।
ਬਾਅਦ ਵਿਚ ਇਸ ਰਾਮਸਰ ਸਰੋਵਰ ਦੇ ਕੰਢੇ ਬੈਠ ਕੇ ਹੀ ਗੁਰੂ ਅਰਜਨ ਦੇਵ ਜੀ ਨੇ 'ਆਦਿ ਗ੍ਰੰਥ' ਦੀ ਸੰਪਾਦਨਾ ਕੀਤੀ। ਗੁਰੂ ਅਰਜਨ ਦੇਵ ਜੀ ਬਾਣੀ ਲਿਖਵਾਉਂਦੇ ਅਤੇ ਭਾਈ ਗੁਰਦਾਸ ਜੀ ਨੇ ਲਿਖਾਰੀ ਦੀ ਸੇਵਾ ਨਿਭਾਈ। ਇਸ ਕਾਰਜ ਨੂੰ ਕੁੱਲ 4 ਸਾਲ ਦਾ ਸਮਾਂ ਲੱਗਾ। ਆਦਿ ਗ੍ਰੰਥ ਸਾਹਿਬ ਵਿਚ ਗੁਰੂ ਅਰਜਨ ਦੇਵ ਜੀ ਨੇ ਆਪਣੀ ਅਤੇ ਪਹਿਲਾਂ ਹੋ ਚੁੱਕੇ ਚਾਰ ਗੁਰੂ ਸਾਹਿਬਾਨਾਂ ਦੀ ਬਾਣੀ ਸਮੇਤ 15 ਭਗਤਾਂ, 11 ਭੱਟਾਂ ਅਤੇ 4 ਗੁਰਸਿੱਖਾਂ ਦੀ ਬਾਣੀ ਦਰਜ਼ ਕੀਤੀ। ਜਾਤ-ਪਾਤ ਅਤੇ ਧਰਮਾਂ ਦੇ ਫਰਕ ਨੂੰ ਮਿਟਾਉਣ ਲਈ ਗੁਰੂ ਸਾਹਿਬ ਜੀ ਨੇ ਜੋ 15 ਭਗਤਾਂ ਤੇ 11 ਭੱਟਾਂ ਦੀ ਬਾਣੀ ਆਦਿ ਗ੍ਰੰਥ ਸਾਹਿਬ ਵਿਚ ਦਰਜ਼ ਕੀਤੀ ਸੀ, ਉਨ੍ਹਾਂ ਵਿਚੋਂ ਜਾਤ ਕਰਕੇ ਜਿੱਥੇ ਕਈ ਭਗਤ ਰਾਮਾਨੰਦ ਜੀ ਵਰਗੇ ਉੱਚ ਕੋਟੀ ਦੇ ਬ੍ਰਾਹਮਣ ਸਨ, ਉੱਥੇ ਕਈ ਵਰਣ ਵੰਡ ਅਨੁਸਾਰ ਨੀਵੀਂ ਜਾਤ ਦੇ ਸੂਦਰ, ਭਗਤ ਰਵਿਦਾਸ ਜੀ ਵਰਗੇ ਚਮਾਰ ਅਤੇ ਭਗਤ ਨਾਮ ਦੇਵ ਜੀ ਵਰਗੇ ਛੀਂਬੇ ਵੀ ਸਨ। ਆਦਿ ਗ੍ਰੰਥ ਸਾਹਿਬ ਵਿਚ ਜਿੰਨਾਂ 26 ਭਗਤਾਂ ਅਤੇ ਭੱਟਾਂ ਦੀ ਬਾਣੀ ਦਰਜ਼ ਕੀਤੀ ਗਈ, ਉਨ੍ਹਾਂ ਵਿਚੋਂ ਜਿੱਥੇ 23 ਭਗਤ ਹਿੰਦੂ ਸਨ, ਉੱਥੇ ਬਾਕੀ ਦੇ 3 ਮੁਸਲਮਾਨ ਫਕੀਰ ਸਨ, ਇਵੇਂ ਕਰਕੇ ਗੁਰੂ ਸਾਹਿਬ ਜੀ ਨੇ ਧਰਮਾਂ ਦਾ ਵਖਰੇਵਾਂ ਮਿਟਾ ਕੇ ਬਰਾਬਰਤਾ ਦਾ ਸੰਦੇਸ਼ ਦਿੱਤਾ। ਗੁਰੂ ਸਾਹਿਬ ਜੀ ਵੱਲੋਂ ਜਿਹੜੇ ਚਾਰ ਸਿੱਖਾਂ ਦੀ ਬਾਣੀ ਆਦਿ ਗ੍ਰੰਥ ਵਿਚ ਦਰਜ਼ ਕੀਤੀ ਗਈ, ਉਨ੍ਹਾਂ ਵਿਚੋਂ ਦੋ ਰਬਾਬੀ ਭਰਾ ਬਾਬਾ ਸੱਤਾ ਜੀ ਤੇ ਬਲਵੰਡਾ ਜੀ ਸਨ ਅਤੇ ਤੀਸਰੇ ਸਿੱਖ ਗੁਰੂ ਅਮਰਦਾਸ ਜੀ ਦੇ ਭਤੀਜੇ ਬਾਬਾ ਸੁੰਦਰ ਜੀ ਦੀ ਬਾਣੀ ਦਰਜ਼ ਕੀਤੀ ਗਈ ਤੇ ਚੌਥੇ ਵਡਭਾਗੇ ਸਿੱਖ ਭਾਈ ਮਰਦਾਨਾ ਜੀ ਦੀ ਬਾਣੀ ਦਰਜ਼ ਹੈ।