28/05/2025
ਦਸੰਬਰ 1989 ਦਾ ਆਖ਼ਰੀ ਹਫ਼ਤਾ ਸੀ ਜੇਲ੍ਹ ਦੇ ਸੰਤਰੀ ਨੇ ਆਵਾਜ਼ ਦਿੱਤੀ ਕਿ ਤੇਰੀ ਮੁਲਾਕਾਤ ਆਈ ਹੈ। ਮੈਨੂੰ ਬੜੀ ਹੈਰਾਨੀ ਹੋਈ ਕਿਉਂਕਿ ਮੇਰੇ ਵਾਲਿਦ ਸਾਹਿਬ ਤੋਂ ਬਿਨਾ ਮੇਰੀ ਮੁਲਾਕਾਤ ਲਈ ਕਦੀ ਕੋਈ ਨਹੀਂ ਸੀ ਆਉਂਦਾ। ਕਿਉਂਕਿ ਮਹੌਲ ਹੀ ਕੁਝ ਇਹੋ ਜਿਹਾ ਸੀ ਕਿ ਰਿਸ਼ਤੇਦਾਰਾਂ ਅਤੇ ਦੋਸਤ ਮਿੱਤਰਾਂ ਉੱਤੇ ਸਰਕਾਰੀ ਦਹਿਸ਼ਤ ਦਾ ਖੌਫ ਇੰਤਹਾ ਦੀ ਹੱਦ ਤੱਕ ਤਾਰੀ ਸੀ। ਮੈ ਪਹਿਲਾ ਹੀ ਬੰਨੀ ਹੋਈ ਕੇਸਕੀ ਠੀਕ ਕੀਤੀ ਸ਼ੀਸ਼ਾ ਦੇਖਿਆ ਤੇ ਇਹ ਸੋਚਦਾ ਹੋਇਆ ਸੰਤਰੀ ਦੇ ਨਾਲ ਹੋ ਤੁਰਿਆ ਕਿ ਕੌਣ ਹੋਵੇਗਾ ਮੁਲਾਕਾਤ ਕਰਨ ਵਾਲਾ? ਮੈ ਅਜੇ ਜੇਲ਼੍ਹ ਦੀ ਡਿਉੜੀ ਦੇ ਅੰਦਰ ਵੱਲ ਨੂੰ ਖੁਲਣ ਵਾਲੇ ਵੱਡੇ ਦਰਵਾਜ਼ੇ ਦੇ ਕੋਲ ਪਹੁੰਚਿਆ ਹੀ ਸੀ ਤਾਂ ਡਿਉੜੀ ਦੇ ਵੱਡੇ ਦਰਵਾਜ਼ੇ ਦੀ ਛੋਟੀ ਸਰਦਲ ਉਤੋ ਜਥੇਦਾਰ ਗੁਰਦੇਵ ਸਿੰਘ ਜੀ ਕਾਂਉਕੇ ਨੂੰ ਬਾਹਰ ਆਉਂਦੇ ਦੇਖਿਆ ਫ਼ਤਿਹ ਬੁਲਾਈ ਰੁਕ ਕੇ ਕੁਝ ਗੱਲ ਕਰਨ ਹੀ ਲੱਗਾ ਸੀ ਤਾਂ ਭਾਈ ਸਾਹਿਬ ਕਾਹਲੀ ਨਾਲ ਬੋਲੇ ਛੇਤੀ ਜਾਹ ਸੰਧੂ ਤੈਨੂੰ ਉਡੀਕ ਰਿਹਾ ਹੈ ।ਜਥੇਦਾਰ ਸਾਹਿਬ ਆਪਣੇ ਅਹਾਤੇ ਵੱਲ ਨੂੰ ਤੁਰ ਪਏ ਤੇ ਮੈ ਮੁਲਾਕਾਤਾਂ ਵਾਲੇ ਕਮਰੇ ਵੱਲ ਨੂੰ ਹੋ ਤੁਰਿਆ।
ਇਨੇ ਨੂੰ ਮੇਰੇ ਨਾਲ ਤੁਰੇ ਜਾਂਦੇ ਮੁਲਾਜ਼ਮ ਨੂੰ ਡਿਉੜੀ ਦੇ ਅੰਦਰੋਂ ਤਾਇਨਾਤ ਹੌਲਦਾਰ ਨੇ ਆਵਾਜ਼ ਮਾਰੀ ਇਹਨੂੰ (ਮੈਨੂੰ )ਅੰਦਰ ਹੀ ਲੈ ਆ, ਜਿਸ ਸਰਦਲ ਤੋਂ ਜਥੇਦਾਰ ਕਾਉੁਕੇ ਬਾਹਰ ਆਏ ਸੀ ਮੈ ਉਸੇ ਸਰਦਲ ਤੋਂ ਜੇਲ੍ਹ ਦੀ ਡਿਉੜੀ ਦੇ ਅੰਦਰ ਚਲਾ ਗਿਆ। ਮੁਲਾਕਾਤ ਕਿਸ ਨਾਲ ਹੋਣੀ ਹੈ ਇਹ ਬੇਚੈਨੀ ਤਾਂ ਭਾਈ ਸਾਹਿਬ ਕਾਂਉਕੇ ਨਾਲ ਹੋਈ ਭੇਂਟ ਉਪ੍ਰੰਤ ਖਤਮ ਹੋ ਚੁੱਕੀ ਸੀ। ਬਾਹਰੋਂ ਸੂਰਜ ਦੀ ਰੋਸ਼ਨੀ ਵਿੱਚੋ ਜਾਣ ਕਾਰਨ ਡਿਉੜੀ ਅੰਦਰ ਕੁਝ ਹਨੇਰਾ ਜਿਹਾ ਲੱਗਿਆ। ਪਰ ਅੱਖਾਂ ਦੀ ਤਾਲਾਸ਼ ਕਰਨ ਦੀ ਵੀ ਇਕ ਆਪਣੀ ਹੀ ਮੁਹਾਰਤ ਹੁੰਦੀ ਹੈ । ਕੁਝ ਹੀ ਪਲਾਂ ਬਾਅਦ ਕੀ ਦੇਖਿਆ ਕਿ ਚਿੱਟਾ ਕੁੜਤਾ ਪਜਾਮਾ ਕਾਲੀ ਲੋਈ ਤੇ ਕੇਸਰੀ ਦਸਤਾਰ ਪਹਿਨੀ ਰੋਸ਼ਨੀ ਭਰਪੂਰ ਨਿਗਾਹਾਂ ਮੇਰੇ ਉੱਤੇ ਗੱਡੀ ਜੇਲ੍ਹ ਸੁਪਰਟੈਂਡੈਂਟ ਦੇ ਦਫ਼ਤਰ ਸਾਹਮਣੇ ਖੜਾ ਭਾਈ ਹਰਿਮੰਦਰ ਸਿੰਘ ਸੰਧੂ ਮੁਸਕਰਾ ਰਿਹਾ ਸੀ ।
ਫ਼ਤਿਹ ਬੁਲਾਈ ਗਲੇ ਮਿਲੇ ਤਾਂ ਜੇਲ੍ਹ ਸੁਪਰਟੈਂਡੈਂਟ ਨੇ ਸਾਨੂੰ ਅਪਣੇ ਦਫ਼ਤਰ ਵਿਚ ਕੁਰਸੀਆਂ ਤੇ ਬੈਠ ਕੇ ਗੱਲ-ਬਾਤ ਕਰਨ ਦੀ ਪੇਸ਼ਕਸ਼ ਕੀਤੀ, ਜਿੱਥੇ ਪਹਿਲਾਂ ਸੰਧੂ ਸਾਹਿਬ ਨੇ ਜਥੇਦਾਰ ਗੁਰਦੇਵ ਸਿੰਘ ਕਾਂਉਕੇ ਜੀ ਨਾਲ ਮੁਲਾਕਾਤ ਕੀਤੀ ਸੀ । ਪਰ ਸੰਧੂ ਸਾਹਿਬ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਮੇਰੇ ਕੋਲ ਵਕਤ ਜ਼ਿਆਦਾ ਨਹੀਂ ਹੈ ਅਸੀਂ ਇੱਥੇ ਖਲੋ ਕੇ ਹੀ ਗੱਲ-ਬਾਤ ਕਰ ਲੈਣੀ ਹੈ । ਸੁਪਰਟੈਂਡੈਂਟ ਆਪਣੇ ਦਫ਼ਤਰ ਵਿੱਚ ਜਾ ਕੇ ਬੈਠ ਗਿਆ । ਕਦੀ ਕਦੀ ਕੁਨੱਖਾ ਜਿਹਾ ਸਾਡੇ ਵੱਲ ਝਾਂਕਦਾ ਤੇ ਫਿਰ ਕਾਗਜ਼ਾਂ ਨਾਲ ਛਾੜ ਛਾੜ ਕਰਨ ਲੱਗ ਜਾਂਦਾ। ਕਿਉਂਕਿ ਅਸੀਂ ਉਸ ਦੇ ਦਫ਼ਤਰ ਦੇ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਖਲੋਤੇ ਸੀ ।
ਮੇਰੀ ਭਾਈ ਹਰਿਮੰਦਰ ਸਿੰਘ ਸੰਧੂ ਨਾਲ ਇਹ ਆਖ਼ਰੀ ਮੁਲਾਕਾਤ ਸੀ। ਇਹ ਕੋਈ ਬਾਰਾਂ ਤੋਂ ਪੰਦਰਾਂ ਮਿਨਟ ਦੀ ਮੁਲਾਕਾਤ ਜੋ 24 ਜਨਵਰੀ 1990 ਤੋਂ ਬਾਅਦ ਇਹ ਇਕ ਵਾਕਿਆ ਅਤੇ ਬਤੌਰ ਗੱਲ-ਬਾਤ ਹਮੇਸ਼ਾ ਲਈ ਮੇਰੇ ਜ਼ਿਹਨ-ਨਸ਼ੀਨ ਹੋ ਗਈ । ਵਕਤ ਦੇ ਇਸ ਛੋਟੇ ਜਿਹੇ ਸੰਜੋਗ ਵਿੱਚ ਅਸੀਂ ਬਹੁਤ ਗੱਲਾਂ ਕੀਤੀਆਂ।ਸਰੀਆਂ ਤਾਂ ਨਹੀਂ ਕੁਝ ਅੱਜ ਸਾਂਝੀਆਂ ਕਰਾਂ ਗਾ ।
ਸੰਧੂ ਸਾਹਿਬ ਬੜੇ ਖੁਸ਼ ਨਜ਼ਰ ਆਏ ਮੈ ਕਾਰਨ ਪੁੱਛਿਆ ਤਾਂ ਬੜੇ ਉਤਸ਼ਾਹ ਭਰੇ ਲਫਜਾਂ ਨਾਲ ਬਿਆਨ ਕੀਤਾ ਕਿ ਜਥੇਦਾਰ ਭਾਈ ਗੁਰਦੇਵ ਸਿੰਘ ਕਾਂਉਕੇ ਖਾਲਸਾ ਪੰਚਾਇਤਾਂ ਦੇ ਮੁੱਖ ਸੇਵਾਦਾਰ ਦੀ ( ਮੁੱਖ ਸਰਪੰਚ) ਦੀ ਸੇਵਾ ਨਿਭਾਉਣ ਲਈ ਰਾਜ਼ਮੰਦ ਹੋ ਗਏ ਹਨ। ਮੈ ਵੀ ਬਹੁਤ ਖੁਸ਼ ਹੋਇਆ ਕਿਉਕਿ ਮੇਰੇ ਖਿਅਲ ਅਨੁਸਾਰ ਵੀ ਉਸ ਵੇਲੇ ਸੰਤ ਜਰਨੈਲ ਸਿੰਘ ਦੇ ਬਰਾਬਰ ਦੇ ਕਿਰਦਾਰ ਦਾ ਕੋਈ ਸਿੱਖ ਸੀ ਤਾਂ ਉਹ ਜਥੇਦਾਰ ਗੁਰਦੇਵ ਸਿੰਘ ਕਾਂਉਕੇ ਹੀ ਸੀ ( ਇਹ ਸਿੱਖ ਕੌਮ ਦਾ ਦੁਖਾਂਤ ਹੈ ਕਿ ਅੱਜ ਉਹਨਾਂ ਦੋ ਮਹਾਨ ਸਿੱਖਾਂ ਦੇ ਕੋਈ ਨੇੜੇ ਤੇੜੇ ਵੀ ਨਹੀਂ ) ਫਿਰ ਮੈ ਖ਼ਦਸ਼ਾ ਜਾਹਿਰ ਕੀਤਾ ਕਿ ਸੰਗਰੂਰ ਜੇਲ਼ ਵਿੱਚ ਖਾਲਸਾ ਪੰਚਾਇਤਾਂ ਵਾਰੇ ਹੋਈ ਆਪਣੀ ਵਿਚਾਰ ਚਰਚਾ ਅਨੁਸਾਰ ਖਾਲਸਾ ਪੰਚਾਇਤਾਂ ਦਾ “ਮੁੱਖ ਸਰਪੰਚ” ਅਕਾਲ ਤਖਤ ਦਾ ਜਥੇਦਾਰ ਹੋਣਾ ਜ਼ਰੂਰੀ ਹੈ ਤਾਂ ਸੰਧੂ ਸਾਹਿਬ ਕਿਹਾ ਕਿ “ ਟੌਹੜਾ ਸਾਹਿਬ ਦੀ ਬਾਦਲ ਨਾਲ ਵਿਰੋਧਤਾ ਅਤੇ ਟੌਹੜਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਰਹਿਣ ਦੀ ਲਾਲਸਾ ਜਥੇਦਾਰ ਗੁਰਦੇਵ ਸਿੰਘ ਜੀ ਕਾਂਉਕੇ ਨੂੰ ਅਕਾਲ ਤਖਤ ਦਾ ਜਥੇਦਾਰ ਬਣਾਉਣ ਲਈ ਬੜੀ ਅਹਿਮ ਭੂਮਿਕਾ ਨਿਭਾਵੇਗੀ। ਮੇਰੀ ਇਕ ਗੱਲ ਦੇ ਜਵਾਬ ਵਿੱਚ ਉਹਨਾਂ ਇਹ ਵੀ ਕਿਹਾ ਕਿ ਅਸੀਂ ਅਕਾਲੀਆਂ ਨੂੰ ਜਾਨੋ ਨਹੀਂ ਸਿਆਸੀ ਮੌਤ ਮਾਰਾਂ ਗੇ। ਜਦੋਂ ਯੋਧਪੁਰ ਜੇਲ੍ਹ ਤੋਂ ਸੰਧੂ ਸਾਹਿਬ , ਭਾਈ ਮਨਜੀਤ ਸਿੰਘ ਅਤੇ ਹੋਰ ਸਿੰਘਾ ਨੂੰ ਪੰਜਾਬ ਸੰਗਰੂਰ ਜੇਲ੍ਹ ਵਿੱਚ ਮੁੰਤਕਲ ਕੀਤਾ ਗਿਆ ਮੈ ਵੀ ਉਦੋਂ ਸੰਗਰੂਰ ਜੇਲ਼ ਵਿੱਚ ਨਜ਼ਰਬੰਦ ਸੀ। ਸੰਗਰੂਰ ਜੇਲ ਵਿੱਚ ਮੈ ਸੰਧੂ ਸਾਹਿਬ, ਭਾਈ ਮਨਜੀਤ ਸਿੰਘ ਅਤੇ ਭਾਈ ਰਾਜਿੰਦਰ ਸਿੰਘ ਨਾਲ ਕਈ ਮੁਲਾਕਾਤਾਂ ਕੀਤੀਆਂ। ਉੱਥੇ ਟੌਹੜਾ ਸਾਹਿਬ ਸਮੇਤ ਕਈ ਹੋਰ ਅਕਾਲੀ ਸੰਧੂ ਸਾਹਿਬ ਨੂੰ ਮਿਲਣ ਆਉਂਦੇ ਰਹਿੰਦੇ ਸਨ। ਯੋਧ ਪੁਰ ਤੋਂ ਆਏ ਸਿੰਘ ਅਜੇ ਸੰਗਰੂਰ ਜੇਲ੍ਹ ਵਿੱਚ ਸਨ ਪਰ ਮੇਰੇ ਸਮੇਤ ਕਈ ਹੋਰ ਸਿੰਘਾ ਨੂੰ ਨਾਭਾ ਜੇਲ ਤਬਦੀਲ ਕਰ ਦਿੱਤਾ ਸੀ ।ਮੁਲਾਕਾਤ ਦੇ ਆਖਰੀ ਪਲਾਂ ਵਿੱਚ ਸੰਧੂ ਸਾਹਿਬ ਦੀ ਗਲਬਾਤ ਦਾ ਲਹਿਜਾ ਕੁਝ ਸਖ਼ਤ ਹੋ ਗਿਆ ਜਦੋਂ ਮੈ ਕਿਹਾ ਕਿ ਅਪਣਾ ਖਿਆਲ ਰੱਖਣਾ ਤੁਹਾਨੂੰ ਬਹੁਤ ਜ਼ਿਆਦਾ ਖਤਰਾ ਹੈ। ਉਹਨਾਂ ਨੇ ਮੇਰੇ ਨਾਲ 1983 ਤੋਂ ਲੈ ਕੇ ਓਸ ਦਿਨ ਤੱਕ ਕਦੀ ਇਨੇ ਖਰ੍ਹਵੇ ਅੰਦਾਜ਼ ਵਿੱਚ ਗੱਲ ਨਹੀਂ ਸੀ ਕੀਤੀ ਕਹਿਣ ਲੱਗੇ “ਤੂੰ ਮੈਨੂੰ ਡਰਾਉਣਾ ਚਾਹੁੰਦਾ ਜ਼ਿੰਦਗੀ ਤੇ ਮੌਤ ਅਕਾਲਪੁਰਖ ਦੇ ਹੱਥ ਵਿੱਚ ਹੈ ਮੈਨੂੰ ਮਾਰ ਕੇ ਕਿਸੇ ਨੂੰ ਕੁਛ ਨਹੀਂ ਲੱਭਣਾ”। ਕੁਛ ਪਲ ਦੋਵੇਂ ਖਾਮੋਸ਼ ਖੜੇ ਰਹੇ ਉਸ ਨੇ ਖ਼ਾਮੋਸ਼ੀ ਭੰਗ ਕਰਦਿਆਂ ਉਹੀ ਗੱਲ ਆਖ ਦਿੱਤੀ ਜੋ ਜੂਨ 1984 ਵਿੱਚ ਸੰਤਾ ਨੇ ਮੈਨੂੰ ਤੇ ਮੇਰੇ ਸਾਥੀਆਂ ਨੂੰ ਕਹੀ ਸੀ ਜ਼ਿਹਨਾਂ ਵਿੱਚੋਂ ਕੁਝ ਸਾਥੀ ਸ਼ਹੀਦ ਹੋ ਗਏ ਕਈ ਅੱਜ ਵੀ ਸਲਾਮਤ ਹਨ ਅਤੇ ਹਰਿਮੰਦਰ ਸਿੰਘ ਸੰਧੂ ਵੀ ਉਸ ਮੀਟਿੰਗ ਵਿੱਚ ਹਾਜ਼ਰ ਸੀ ਕਿਉਂਕਿ ਮੇਰੀ ਜ਼ਿੱਦ ਤੇ ਸੰਧੂ ਦੇ ਯਤਨਾਂ ਕਰਕੇ 2 ਜੂਨ 1984 ਨੂੰ ਦੋ ਮਿੰਟ ਲਈ ਆਖ਼ਰੀ ਵਾਰੀ ਸੰਤਾਂ ਦੇ ਦਰਸ਼ਨ ਕਰਨ ਦਾ ਮੌਕਾ ਨਸੀਬ ਹੋਇਆ ਸੀ ਤੇ ਮੈ ਪੁੱਛਿਆ ਬਾਬਾ ਜੀ ਕੀ ਹੁਕਮ ਹੈ ਸਾਡੇ ਲਈ ਸੰਤਾਂ ਦੇ ਬਚਨ ਸਨ “ਸਿੰਘੋ ਗੱਲ ਮਰਨ ਨਹੀਂ ਦੇਣੀ”। ਅਸੀਂ ਫ਼ਤਿਹ ਬੁਲਾ ਕੇ ਇਜਾਜ਼ਤ ਲੈ ਲਈ ਸੀ।
ਹਰਿਮੰਦਰ ਸੰਧੂ ਨੇ ਮੇਰ ਚੇਹਰੇ ਦੇ ਹਾਵ ਭਾਵ ਦੇਖੇ ਅਤੇ ਆਪਣੇ ਗੁਟ ਉੱਤੇ ਬੰਨੀ ਘੜੀ ਵੱਲ ਵੇਖਿਆ ਫੇਰ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ “ ਜੇ ਮੈ ਮਾਰਿਆ ਗਿਆ ਤੁਸੀਂ ਗੱਲ ਮਰਨ ਨਹੀਂ ਦੇਣੀ” ਮੇਰੀ ਰੂਹ ਵਿੱਚ 2 ਜੂਨ 1984 ਦੀ ਸੰਤਾਂ ਨਾਲ ਮੁਲਾਕਾਤ ਫਿਲਮ ਦੀ ਰੀਹਲ ਵਾਂਗ ਘੁੰਮਣ ਲੱਗੀ। ਮੈ ਆਪਣੇ ਖਿਆਲਾਂ ਵਿੱਚ ਗੁੰਮ ਸੰਧੂ ਨੂੰ ਵੱਡੀ ਜੇਲ੍ਹ ਦੇ ਛੋਟੇ ਦਰਵਾਜੇ ਵਿੱਚੋਂ ਬਾਹਰ ਜਾਂਦੇ ਦੇਖ ਰਿਹਾ ਸੀ। ਸੰਤਰੀ ਦੀ ਆਵਾਜ਼ ਕੰਨੀ ਪਈ ਚਲੋ ਵਾਪਸ ਬੈਰਕ ਵਿੱਚ ।
ਵਲੋਂ - ਗੁਰਨਾਮ ਸਿੰਘ ਜੀ
https://www.facebook.com/share/1EkDUrG1Eb/